07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਗੁਰਸ਼ਰਨ ਰੰਧਾਵਾ ਦੀ ਅਗਵਾਈ ਹੇਠ ਵਿਦਿਆਰਥੀਆਂ ’ਤੇ ਪੁਲਿਸ ਦੀ ਦਰਿੰਦਗੀ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜੀਤ ਡੈਸਕ 23-07-2026
ਪਟਿਆਲਾ, 22 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਅੱਜ ਪਟਿਆਲਾ ਵਿਖੇ ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਵਾਰ-ਵਾਰ ਹੋ ਰਹੇ ਪੇਪਰ ਲੀਕ ਅਤੇ ਦਿੱਲੀ ਵਿਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੁਲਿਸ ਵਲੋਂ ਕੀਤੀ ਗਈ ਦਰਿੰਦਗੀ ਦੇ ਵਿਰੋਧ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਵੀ ਫੂਕੇ ਗਏ। ਉਨ੍ਹਾਂ ਨੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਸਤੀਫ਼ਿਆਂ ਦੀ ਮੰਗ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਦੇਸ਼ ਵਿਚ ਲਗਭਗ ਹਰ ਮੁਕਾਬਲੇ ਦੀ ਪ੍ਰੀਖਿਆ ਦਾ ਪੇਪਰ ਲੀਕ ਹੋ ਰਿਹਾ ਹੈ ਅਤੇ ਸਿੱਖਿਆ ਪ੍ਰਣਾਲੀ ਦੇ ਪ੍ਰਬੰਧ ਵਿਚ ਪੂਰੀ ਤਰ੍ਹਾਂ ਅਵਿਵਸਥਾ ਫੈਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਬੀ.ਐਸ.ਈ. ਵੀ ਗਲਤ ਮੁਲਾਂਕਣ ਕਰਕੇ ਵਿਦਿਆਰਥੀਆਂ ਨਾਲ ਇਨਸਾਫ਼ ਕਰਨ ਵਿਚ ਨਾਕਾਮ ਰਹੀ ਹੈ, ਲੇਕਿਨ ਸਰਕਾਰ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਜਦੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਪੇਪਰ ਲੀਕ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ, ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ‘ਤੇ ਦਿੱਲੀ ਪੁਲਿਸ ਨੇ ਉਨ੍ਹਾਂ ਨਾਲ ਬੇਰਹਿਮੀ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਕੀਤੀ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਭਾਜਪਾ ਲੋਕਤੰਤਰੀ ਸਰਕਾਰ ਨਹੀਂ, ਸਗੋਂ ਤਾਨਾਸ਼ਾਹੀ ਚਲਾ ਰਹੀ ਹੈ, ਜਿੱਥੇ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ। ਬੀਬੀ ਰੰਧਾਵਾ ਨੇ ਖ਼ੁਲਾਸਾ ਕੀਤਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਕਈ ਵੱਡੇ ਪੱਧਰ ’ਤੇ ਪੇਪਰ ਲੀਕ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਫਾਰਮਾਸਿਸਟ ਭਰਤੀ ਪ੍ਰੀਖਿਆ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਦਾ ਲੀਕ ਹੋਣਾ ਸ਼ਾਮਿਲ ਹੈ। ਉਨ੍ਹਾਂ ਨੇ ਪੁੱਛਿਆ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਮਾਮਲਿਆਂ ਵਿਚ ਕੀ ਕਾਰਵਾਈ ਕੀਤੀ ਹੈ? ਰਾਜਿੰਦਰ ਸਿੰਘ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਇਕੋ ਸਿੱਕੇ ਦੇ ਦੋ ਪਹਿਲੂ ਹਨ। ਕੇਂਦਰ ਵਿਚ ਜੋ ਕੁਝ ਭਾਜਪਾ ਕਰ ਰਹੀ ਹੈ, ਉਹੀ ਕੁਝ ਪੰਜਾਬ ਵਿਚ ‘ਆਪ’ ਸਰਕਾਰ ਕਰ ਰਹੀ ਹੈ। ਅੱਜ ਦੇ ਇਸ ਧਰਨੇ ਵਿਚ ਦਰਬਾਰਾ ਬੰਣਵਾਲਾ, ਅਸ਼ਵਨੀ ਬੱਤਾ, ਨਰਿੰਦਰ ਸ਼ਾਸਤਰੀ, ਰਾਜ ਕੁਮਾਰ, ਪੂਜਾ ਗਰਗ, ਸੁਨੀਲ ਬੱਬਰ, ਦੀਦਾਰ ਦੌਣਕਲਾ, ਹਰਵਿੰਦਰ ਰਾਠੀਆਂ, ਮਹਿਕ ਗਰੇਵਾਲ, ਤਜਿੰਦਰ ਗਾਜੇਵਾਸ, ਮੇਜਰ ਢੀਂਡਸਾ, ਜਤਿੰਦਰ ਮੱਟੂ, ਗੌਰਵ ਸੰਧੂ, ਨਰਿੰਦਰ ਸੰਧੂ, ਗੁਰਸੇਵਕ ਜੌੜਾਮਾਜਰਾ, ਅਮਰਜੀਤ ਘੱਗਾ, ਸੰਜੀਵ ਬਿੱਟੂ ਮੇਅਰ, ਟਿੰਕਾ ਗਾਜੇਵਾਸ, ਦੀਦਾਰ ਸਿੰਘ ਦੌਣਕਲਾਂ, ਪ੍ਰਭਜੋਤ ਭਿੰਡਰ, ਪਰਮਜੀਤ ਚੌਹਾਨ, ਗੁਰਪ੍ਰੀਤ ਰਾਜਗੜ੍ਹ, ਮੇਜਰ ਖਾਨ, ਸ਼ਹਿਰਾਜ, ਕਾਲਾ ਰਾਏਪੁਰ, ਬਲਿਹਾਰ ਸ਼ਮਸਪੁਰ, ਹਰਿੰਦਰ ਸ਼ਰਮਾ, ਹਰਦੀਪ ਜੋਸ਼ਨ, ਨਾਰੀਕੇ , ਨੰਨੜੇ, ਸੁਖਦੇਵ ਰੌਣੀ, ਪਰਮਜੀਤ ਕੌਰ, ਮਲਕੀਤ ਉੱਪਲਹੇੜੀ, ਬਲਦੇਵ ਗੱਦੋ ਮਾਜਰਾ, ਅਮਰਜੀਤ ਕੌਰ, ਦੀਪੂ ਭੰਡਾਰੀ ਵੀ ਹਾਜ਼ਰ ਰਹੇ।
ਪਿਛਲੀ ਖ਼ਬਰ ਸਮਾਣਾ ਬਾਰ ਵਲੋਂ ਸੰਘਰਸ਼ ਜਾਰੀ, 5 ਵਕੀਲ ਭੁੱਖ ਹੜਤਾਲ ’ਤੇ ਬੈਠੇ ਅਗਲੀ ਖ਼ਬਰ ਪਟਿਆਲਾ ਜ਼ੋਨ-3 ਨੇ ਕ੍ਰਿਕਟ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।