14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਦੁਧੜ ’ਚ ਸੋਲਿਡ ਵੇਸਟ ਪ੍ਰਾਜੈਕਟ ਖ਼ਿਲਾਫ਼ ਲੋਕਾਂ ਦਾ ਰੋਹ ਭਖਿਆ, ਸੰਘਰਸ਼ ਵਿੱਢਣ ਦਾ ਐਲਾਨ

ਅਜੀਤ ਡੈਸਕ 18-07-2026
ਪਟਿਆਲਾ, 17 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪਿੰਡ ਦੁਧੜ ਵਿਖੇ ਪ੍ਰਸਤਾਵਿਤ ‘ਸਾਲਿਡ ਵੇਸਟ’ ਤੇ ‘ਬਾਇਓ-ਗੈਸ’ ਪ੍ਰਾਜੈਕਟ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਦੇ ਵਿਰੋਧ ਵਿਚ ਡਕਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਡਕਾਲਾ ਅਤੇ ਦੁਧੜ ਦੇ ਪਤਵੰਤਿਆਂ, ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਹੋਈ. ਜਿਸ ਵਿਚ ਸਰਬਸੰਮਤੀ ਨਾਲ ਇਸ ਪ੍ਰਾਜੈਕਟ ਨੂੰ ਰੱਦ ਕਰਵਾਉਣ ਲਈ ਤਿੱਖਾ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਬੁਲਾਰਿਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਇਲਾਕੇ ਲਈ ਮਾਰੂ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਲੱਗਣ ਨਾਲ ਕਰੀਬ 6 ਤੋਂ 7 ਕਿਲੋਮੀਟਰ ਦਾ ਘੇਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਜ਼ਮੀਨ ਹੇਠਲਾ ਪਾਣੀ ਦੂਸ਼ਿਤ ਹੋਣ ਦੇ ਨਾਲ-ਨਾਲ ਤੇਜ਼ਾਬੀ ਹੋਣ ਦਾ ਖਤਰਾ ਹੈ। ਇਸ ਤੋਂ ਇਲਾਵਾ ਦੂਸ਼ਿਤ ਹਵਾ ਤੇ ਫੈਲਣ ਵਾਲੀ ਦੁਰਗੰਧ ਕਾਰਨ ਸਥਾਨਕ ਲੋਕਾਂ ਦਾ ਜਿਉਣਾ ਦੁੱਭਰ ਹੋ ਜਾਵੇਗਾ। ਇਲਾਕੇ ਵਿਚ ਪਹਿਲਾਂ ਹੀ ਚੱਲ ਰਹੀਆਂ ਪੇਪਰ ਮਿਲਾਂ ਅਤੇ ਸ਼ਰਾਬ ਫੈਕਟਰੀਆਂ ਦੀ ਦੁਰਗੰਧ ਤੋਂ ਲੋਕ ਪਹਿਲਾਂ ਹੀ ਦੁਖੀ ਹਨ। ਇਸ ਸੰਘਰਸ਼ ਨੂੰ ਉਸ ਸਮੇਂ ਵੱਡੀ ਤਾਕਤ ਮਿਲੀ ਜਦੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ. ਦਰਸ਼ਨ ਪਾਲ ਨੇ ਮੀਟਿੰਗ ਵਿਚ ਸ਼ਿਰਕਤ ਕਰਦਿਆਂ ਪੂਰਨ ਸਮਰਥਨ ਦਾ ਐਲਾਨ ਕੀਤਾ। ਕਿਸਾਨ ਜਥੇਬੰਦੀਆਂ ਨੇ ਆਪਣੇ ਵਰਕਰਾਂ ਨੂੰ ਵੱਡੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਸ ਪ੍ਰਾਜੈਕਟ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਣ ਦੇ ਨਾਲ-ਨਾਲ ਪੱਕਾ ਮੋਰਚਾ ਵੀ ਲਗਾਇਆ ਜਾਵੇਗਾ। ਮੀਟਿੰਗ ਦੀ ਖ਼ਾਸ ਗੱਲ ਇਹ ਰਹੀ ਕਿ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਅਤੇ ਧਾਰਮਿਕ ਸੰਸਥਾਵਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕ ਮੰਚ ’ਤੇ ਇਕੱਠੇ ਹੋਏ। ਪ੍ਰਸਤਾਵਿਤ ਪ੍ਰੋਜੈਕਟ ਦੇ ਨੇੜੇ ਸਥਿਤ ਇਕ ਵੱਡੀ ਗਊਸ਼ਾਲਾ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਗਈ। ਧਾਰਮਿਕ ਸੰਸਥਾਵਾਂ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਪ੍ਰੋਜੈਕਟ ਆਬਾਦ ਅਤੇ ਉਪਜਾਊ ਜ਼ਮੀਨਾਂ ’ਤੇ ਲਗਾਉਣ ਦੀ ਬਜਾਏ ਬੇਆਬਾਦ ਥਾਵਾਂ ’ਤੇ ਲਗਾਉਣੇ ਚਾਹੀਦੇ ਹਨ। ਅੰਤ ਵਿਚ ਵਿਕਰਮ ਡਕਾਲਾ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਇਹ ਰੋਹ ਦੱਸਦਾ ਹੈ ਕਿ ਕਿਸੇ ਵੀ ਕੀਮਤ ’ਤੇ ਇਸ ਪ੍ਰੋਜੈਕਟ ਨੂੰ ਨੇਪਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਪਹਿਲੇ ਬਰਸਾਤੀ ਪਾਣੀ ਨਾਲ ਹੀ ਘੱਗਰ ਨਾਲ ਲੱਗਦੇ ਖੇਤਾਂ ’ਚ ਪਏ ਪਾੜ, ਪੱਲਿਉਂ ਖਰਚਾ ਕਰ ਕੇ ਭਰਨ ਲਈ ਕਿਸਾਨ ਮਜਬੂਰ ਅਗਲੀ ਖ਼ਬਰ ਵਿਧਾਇਕ ਜੌੜਾਮਾਜਰਾ ਵਲੋਂ ਸਰਪੰਚਾਂ ਦੇ ਧਰਨੇ ਵਿਚ ਪਹੁੰਚ ਕੇ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਹਦਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।