ਸਮਾਣਾ, 17 ਜੁਲਾਈ (ਸਾਹਿਬ ਸਿੰਘ)-ਥਾਣਾ ਸਦਰ ਸਮਾਣਾ ਦੀ ਪੁਲਿਸ ਚੌਕੀ ਦੀ ਪੁਲਿਸ ਵਲੋਂ ਕਥਿਤ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ ’’ਤੇ ਪਿੰਡ ਧਰਮਹੇੜੀ ਦੇ ਸਰਪੰਚ ਘਰ ਪੁਲਿਸ ਭੇਜਣ ਵਿਰੁੱਧ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਆਦਿਕ ਨੇ ਪੁਲਿਸ ਚੌਕੀ ਅੱਗੇ ਧਰਨਾ ਦਿੱਤਾ, ਜਿਸ ਵਿਚ ਪਹੁੰਚ ਕੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਮੌਕੇ ’ਤੇ ਹੀ ਪੁਲਿਸ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਥਿਤ ਤਸਕਰਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ। ਪਿੰਡ ਧਰਮਹੇੜੀ ਦੇ ਸਰਪੰਚ ਵਰਿੰਦਰ ਸਿੰਘ ਨੇ ਸ. ਜੌੜਾਮਾਜਰਾ ਤੇ ਪੁਲਿਸ ਦੀ ਹਾਜ਼ਰੀ ਵਿਚ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕੋਈ ਤਸਕਰ ਨਸ਼ਾ ਵੇਚਣ ਲਈ ਪਿੰਡ ਵਿਚ ਆਉਂਦੇ ਹਨ। ਉਨ੍ਹਾਂ ਇਸ ਪੈਰਵੀ ਕੀਤੀ ਤਾਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਕ ਹੋਰ ਵਿਅਕਤੀ ਨੇ ਉਸ ਨੂੰ ਇਹ ਕਹਿ ਕੇ ਲੈ ਗਿਆ ਕਿ ਉਹ ਉਸ ਨੂੰ ਪੁਲਿਸ ਚੌਕੀ ਵਿਚ ਸੌਂਪ ਦੇਵੇਗਾ। ਕਾਬੂ ਕੀਤੇ ਵਿਅਕਤੀ ਨੂੰ ਜ਼ਿੰਮੇਵਾਰ ਵਿਅਕਤੀ ਆਪਣੀ ਗੱਡੀ ਵਿਚ ਲੈ ਗਿਆ ਤੇ ਉਸ ਦੀ ਸਕੂਟਰੀ ਉਸ (ਸਰਪੰਚ) ਕੋਲ ਰੱਖ ਗਿਆ। ਸਰਪੰਚ ਦਾ ਦੋਸ਼ ਹੈ ਕਿ ਪੁਲਿਸ ਨੇ ਨਸ਼ਾ ਤਸਕਰ ਵਿਰੁੱਧ ਕਾਰਵਾਈ ਕਰਨ ਦੀ ਥਾਂ ’ਤੇ ਉਸ ਦੇ ਘਰ ਹੀ ਪੁਲਿਸ ਭੇਜ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਕੀਤੀ ਗਈ। ਸਰਪੰਚਾਂ ਨੇ ਪੁਲਿਸ ਵਲੋਂ ਸਰਪੰਚ ਵਰਿੰਦਰ ਸਿੰਘ ਦੇ ਘਰ ਪੁਲਿਸ ਛਾਪੇ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ। ਸਰਪੰਚ ਯੂਨੀਅਨ ਬਲਾਕ ਸਮਾਣਾ ਦੇ ਪ੍ਰਧਾਨ ਕੰਵਲਜੀਤ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਸਰਪੰਚਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੁਲਿਸ ਚੌਕੀ ਨਵਾਂਗਓਂ ਦੇ ਮੁਖੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਸਰਪੰਚ ਨੇ ਅਣਪਛਾਤੇ ਵਿਅਕਤੀ ਤੋਂ ਸਕੂਟਰੀ ਖੋਹ ਕੇ ਆਪਣੇ ਘਰ ਰੱਖੀ ਹੋਈ ਹੈ। ਪੁਲਿਸ ਮੁਲਾਜ਼ਮ ਮਾਮਲੇ ਦੀ ਛਾਣਬੀਣ ਕਰਨ ਲਈ ਸਰਪੰਚ ਦੇ ਘਰ ਗਏ ਸਨ। ਉਨਾਂ ਕਿਹਾ ਕਿ ਪੁਲਿਸ ਨੂੰ ਨਸ਼ਾ ਤਸਕਰਾਂ ਸੰਬੰਧੀ ਕੋਈ ਇਤਲਾਹ ਨਹੀਂ ਮਿਲੀ। ਉਨ੍ਹਾਂ ਆਖਿਆ ਕਿ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ, ਕਿਸੇ ਨਾਲ ਧੱਕਾ ਨਹੀਂ ਕੀਤਾ ਜਾਵੇਗਾ।