15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਨਗਰ ਨਿਗਮ ਪਟਿਆਲਾ ਵਲੋਂ ਲਾਵਾਰਸ ਕੁੱਤਿਆਂ ਦੀ ਨਸਬੰਦੀ ਮੁਹਿੰਮ ਹੋਰ ਤੇਜ਼

ਅਜੀਤ ਡੈਸਕ 18-07-2026
ਪਟਿਆਲਾ, 17 ਜੁਲਾਈ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਪਟਿਆਲਾ ਨੇ ਸ਼ਹਿਰ ਵਿਚ ਲਾਵਾਰਸ ਕੁੱਤਿਆਂ ਦੀ ਵੱਧ ਰਹੀ ਗਿਣਤੀ ਤੇ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਪਸ਼ੂ ਜਨਮ ਨਿਯੰਤਰਣ (ਏ. ਬੀ. ਸੀ.) ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਦਮ ਤੇਜ਼ ਕਰ ਦਿੱਤੇ ਹਨ। ਇਸ ਸੰਬੰਧੀ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਮੋਦੀ ਕਾਲਜ ਨੇੜੇ ਸਰਕਾਰੀ ਪੋਲੀ ਕਲੀਨਿਕ ਵਿਖੇ ਸਥਿਤ ਏ. ਬੀ. ਸੀ. ਸੈਂਟਰ ਦਾ ਨਿਰੀਖਣ ਕਰਕੇ ਸਿਹਤ ਸ਼ਾਖਾ ਅਤੇ ਕੇਂਦਰ ਦੇ ਅਧਿਕਾਰੀਆਂ ਨਾਲ ਪ੍ਰਬੰਧਾਂ ਦੀ ਸਮੀਖਿਆ ਕੀਤੀ। ਨਿਰੀਖਣ ਦੌਰਾਨ ਕੇਨਲਾਂ ਦੀ ਸਫ਼ਾਈ, ਰੱਖ-ਰਖਾਅ, ਬੁਨਿਆਦੀ ਢਾਂਚੇ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਏ. ਬੀ. ਸੀ. ਪ੍ਰੋਗਰਾਮ ਨਾਲ ਸੰਬੰਧਤ ਰਿਕਾਰਡ, ਰਜਿਸਟਰ ਤੇ ਹੋਰ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਗਈ ਤਾਂ ਜੋ ਸਰਕਾਰ ਵਲੋਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਕੁੱਤਿਆਂ ਦੇ ਵੱਢਣ ਤੇ ਹੋਰ ਸੰਬੰਧਤ ਸ਼ਿਕਾਇਤਾਂ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਨਿਰਦੇਸ਼ਾਂ ਅਨੁਸਾਰ ਵਾਰਡ ਪੱਧਰ ਅਤੇ ਹੌਟਸਪੌਟ ਖੇਤਰਾਂ ਵਿਚ ਲਾਵਾਰਸ ਕੁੱਤਿਆਂ ਦੀ ਸੌ ਫ਼ੀਸਦੀ ਨਸਬੰਦੀ ਦੇ ਟੀਚੇ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਸਿਹਤ ਅਧਿਕਾਰੀ ਡਾ. ਨਵਿੰਦਰ ਸਿੰਘ, ਸਹਾਇਕ ਸਰਜਨ ਡਾ. ਅੰਕਿਤ ਨਾਰੰਗ ਤੇ ਸੰਬੰਧਤ ਅਧਿਕਾਰੀਆਂ ਨੂੰ ਕੇਂਦ੍ਰਿਤ ਕਾਰਜ ਯੋਜਨਾ ਤਿਆਰ ਕਰਕੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਏ. ਬੀ. ਸੀ. ਸੈਂਟਰ ਵਿਚ 15 ਕੇਨਲ ਹਨ, ਜਦਕਿ 25 ਕੇਨਲਾਂ ਵਾਲਾ ਨਵਾਂ ਕੇਂਦਰ ਲਗਪਗ ਤਿਆਰ ਹੈ ਅਤੇ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਨਾਲ ਲਾਵਾਰਸ ਕੁੱਤਿਆਂ ਦੀ ਨਸਬੰਦੀ ਤੇ ਆਪ੍ਰੇਸ਼ਨ ਤੋਂ ਬਾਅਦ ਦੀ ਸੰਭਾਲ ਦੀ ਸਮਰੱਥਾ ਵਿਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਕੱਲ੍ਹ ਤੋਂ ਇਕ ਹੋਰ ਕੁੱਤੇ ਫੜਨ ਵਾਲਾ ਵਾਹਨ ਤੇ ਸਮਰਪਿਤ ਟੀਮ ਤਾਇਨਾਤ ਕੀਤੀ ਜਾਵੇਗੀ ਅਤੇ ਜਲਦੀ ਹੀ ਵਾਧੂ ਮਨੁੱਖੀ ਸ਼ਕਤੀ ਵੀ ਲਗਾਈ ਜਾਵੇਗੀ। ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਪਸ਼ੂ ਜਨਮ ਨਿਯੰਤਰਣ ਨਿਯਮਾਂ ਤਹਿਤ ਘਲੋੜੀ ਨੇੜੇ 1.61 ਏਕੜ ਰਕਬੇ ਵਿਚ ਬਣਾਏ ਜਾਣ ਵਾਲੇ ਕੁੱਤਿਆਂ ਦੇ ਸ਼ੈਲਟਰ ਲਈ ਟੈਂਡਰ ਖੋਲ੍ਹ ਦਿੱਤੇ ਗਏ ਹਨ। ਇਸ ਦੀ ਉਸਾਰੀ ਜਲਦੀ ਸ਼ੁਰੂ ਹੋਣ ਤੇ ਅਕਤੂਬਰ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਜਨਤਕ ਸੁਰੱਖਿਆ ਤੇ ਪਸ਼ੂ ਭਲਾਈ ਨੂੰ ਧਿਆਨ ਵਿਚ ਰੱਖਦਿਆਂ ਵਿਗਿਆਨਕ ਅਤੇ ਮਨੁੱਖੀ ਢੰਗ ਨਾਲ ਲਾਵਾਰਸ ਪਸ਼ੂ ਪ੍ਰਬੰਧਨ ਲਈ ਵਚਨਬੱਧ ਹੈ।
ਪਿਛਲੀ ਖ਼ਬਰ ਪੰਜਾਬ ਵਿਚ ‘ਆਪ’ ਦੀਆਂ ਨੀਤੀਆਂ ਤੋਂ ਘਬਰਾਇਆ ਵਿਰੋਧੀ ਧਿਰ, ਲੋਕਾਂ ਦਾ ਅਟੁੱਟ ਭਰੋਸਾ ਸਰਕਾਰ ਦੇ ਨਾਲ-ਲਾਡਾ ਅਗਲੀ ਖ਼ਬਰ ਸ਼ੇਰਾਂ ਵਾਲੇ ਗੇਟ ਨੂੰ ਜਾਂਦਾ ਬੰਦ ਰਸਤਾ (ਹੋਰਮੁਜ਼) ਕਈ ਮਹੀਨਿਆਂ ਬਾਅਦ ਖੁੱਲ੍ਹਿਆ *ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੇ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।