13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਝਿੰਜਰ ਨੇ ਘੱਗਰ ਪ੍ਰਤੀ ਅਣਗਹਿਲੀ ਲਈ ‘ਆਪ’ ਸਰਕਾਰ ਨੂੰ ਘੇਰਿਆ, ਵੱਡੀ ਤਬਾਹੀ ਦੀ ਦਿੱਤੀ ਚਿਤਾਵਨੀ ਪਾੜ ਠੀਕ ਨਾ ਕੀਤੇ ਤਾਂ ਘੱਗਰ ਪੱਟੀ ਦੀ ਤਬਾਹੀ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ

ਅਜੀਤ ਡੈਸਕ 12-07-2026
ਘਨੌਰ, 11 ਜੁਲਾਈ (ਸਰਦਾਰਾ ਸਿੰਘ ਲਾਛੜੂ)-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਸਨਿਚਰਵਾਰ ਨੂੰ ਐਸ.ਜੀ.ਪੀ.ਸੀ. ਮੈਂਬਰ ਜਸਮੇਰ ਸਿੰਘ ਲਾਛੜੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਸਮੇਤ ਘੱਗਰ ਦਰਿਆ ਦੇ ਕੰਢੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ֹ‘ਆਪ’ ਸਰਕਾਰ ’ਤੇ ਘੱਗਰ ਦਰਿਆ ਦੀ ਸਫ਼ਾਈ ਤੇ ਕੰਢਿਆਂ ’ਤੇ ਪਏ ਪਾੜਾਂ ਨੂੰ ਠੀਕ ਕਰਨ ’ਚ ਅਣਗਹਿਲੀ ਦਾ ਸਿੱਧਾ ਦੋਸ਼ ਲਾਇਆ। ਝਿੰਜਰ ਨੇ ਕਿਹਾ ਕਿ ਇਸ ਸਾਲ ਕਿਸਾਨਾਂ ਨੂੰ ਪਹਿਲਾਂ ਝੋਨੇ ਦੀ ਲੁਆਈ ਲਈ ਬਾਰਿਸ਼ ਤੇ ਪਾਣੀ ਦੀ ਘਾਟ ਕਾਰਨ ਬਿਜਲੀ ਦੀ ਕਿੱਲਤ ਦੌਰਾਨ ਜਨਰੇਟਰਾਂ ’ਤੇ ਨਿਰਭਰ ਹੋਣਾ ਪਿਆ। ਹੁਣ ਪਈ ਹਲਕੀ ਬਾਰਿਸ਼ ਨੇ ਹੀ ਸਰਕਾਰ ਦੀ ਨਾਕਾਮੀ ਬੇਪਰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਇਹ ਬਹੁਤ ਥੋੜੇ ਸਮੇਂ ਦੀ ਬਾਰਿਸ਼ ਹੈ ਤੇ ਘੱਗਰ ਦਾ ਪਾਣੀ ਦਾ ਪੱਧਰ ਅਜੇ ਸਿਰਫ਼ 25-30 ਫ਼ੀਸਦੀ ਹੀ ਹੈ। ਇਸ ਪੱਧਰ ’ਤੇ ਵੀ 2021 ਤੇ 2023 ਦੇ ਹੜ੍ਹਾਂ ਵੇਲੇ ਪਏ ਪਾੜਾਂ ਰਾਹੀਂ ਪਾਣੀ ਕਿਸਾਨਾਂ ਦੇ ਖੇਤਾਂ ’ਚ ਵੜਨਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਪਾੜਾਂ ਨੂੰ ਸਰਕਾਰ ਨੇ ਕਦੇ ਠੀਕ ਕਰਨ ਦੀ ਖੇਚਲ ਹੀ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦਰਿਆ ਦੇ ਕੰਢਿਆਂ ਦੀ ਮੁਰੰਮਤ ’ਤੇ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕਰ ਰਹੀ ਹੈ ਪਰ ਘੱਗਰ ਅਜੇ ਵੀ ਗੰਦਾ ਪਿਆ ਹੈ ਅਤੇ ਪਾੜ ਵੀ ਠੀਕ ਨਹੀਂ ਕੀਤੇ ਗਏ। ਮੈਂ ਪਿਛਲੇ ਛੇ ਮਹੀਨਿਆਂ ਤੋਂ ਇਨ੍ਹਾਂ ਅਣਮੁਰੰਮਤ ਪਾੜਾਂ ਦਾ ਮੁੱਦਾ ਚੁੱਕ ਰਿਹਾ ਹਾਂ ਪਰ ਸਰਕਾਰ ਨੇ ਕੁਝ ਵੀ ਨਹੀਂ ਕੀਤਾ। ਝਿੰਜਰ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਵਧਣ ਦੀ ਸੰਭਾਵਨਾ ਹੈ ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਘੱਗਰ ਪੱਟੀ ਵਿਚ ਕਿਸੇ ਵੀ ਦੁਖਾਂਤ ਲਈ ‘ਆਪ’ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਐਸ. ਜੀ. ਪੀ. ਸੀ. ਮੈਂਬਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਵਾਰ-ਵਾਰ ਅਪੀਲਾਂ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਘੱਗਰ ਦੀ ਸਫ਼ਾਈ ਨਹੀਂ ਹੋਈ। ਉਨ੍ਹਾਂ ਕਿਹਾ ਅਸੀਂ ਐਸ. ਡੀ. ਓ. ਅਤੇ ਜੇ. ਈ. ਸਮੇਤ ਪ੍ਰਸ਼ਾਸਨ ਨੂੰ ਸਫ਼ਾਈ ਕਰਵਾਉਣ ਦੀ ਬੇਨਤੀ ਕੀਤੀ ਹੈ ਪਰ ਹਾਲੇ ਤੱਕ ਕੁਝ ਵੀ ਨਹੀਂ ਹੋਇਆ। ਅਕਾਲੀ ਦਲ ਆਗੂਆਂ ਨੇ ਮਾਨਸੂਨ ਦੇ ਜੋਰ ਫੜਨ ਤੋਂ ਪਹਿਲਾਂ ਦਰਿਆ ਦੀ ਸਫ਼ਾਈ ਅਤੇ ਲਟਕਦੇ ਪਾੜਾਂ ਨੂੰ ਤੁਰੰਤ ਠੀਕ ਕਰਨ ਦੀ ਮੰਗ ਕੀਤੀ।
ਪਿਛਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ ’ਚ 20 ਕਰੋੜ ਰੁਪਏ ਦੀ ਲਾਗਤ ਨਾਲ ਅਟਲ ਇਨਕਿਊਬੇਸ਼ਨ ਸੈਂਟਰ ਦੀ ਸ਼ੁਰੂਆਤ ਅਗਲੀ ਖ਼ਬਰ 400 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।