14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਭੋਗਲਾਂ ਰੋਡ ਤੇ ਪਟਿਆਲਾ ਰੋਡ ਦੇ ਗੰਦੇ ਨਾਲਿਆਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਡੀ. ਸੀ. ਸਮੇਤ ਉੱਚ ਅਧਿਕਾਰੀਆਂ ਤੱਕ ਪੁੱਜਾ

ਅਜੀਤ ਡੈਸਕ 12-07-2026
ਰਾਜਪੁਰਾ, 11 ਜੁਲਾਈ (ਜੀ. ਪੀ. ਸਿੰਘ)-ਰਾਜਪੁਰਾ ਨਗਰ ਕੌਂਸਲ ਅਧੀਨ ਆਉਂਦੇ ਭੋਗਲਾਂ ਰੋਡ ਦੇ ਨਾਲ ਬਣੇ ਬਰਸਾਤੀ ਨਾਲੇ ਦੀ ਸਫ਼ਾਈ ਕਰਵਾਉਣ ਅਤੇ ਪਟਿਆਲਾ ਰੋਡ ’ਤੇ ਅਮਰ ਪੈਲੇਸ ਦੇ ਨੇੜੇ ਬਰਸਾਤੀ ਨਾਲਿਆਂ ’ਤੇ ਨਾਜਾਇਜ਼ ਤੌਰ ’ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕਬਜ਼ਾ ਕਰਕੇ ਦੁਕਾਨਾਂ ਬਣਾ ਲਏ ਜਾਣ ’ਤੇ ਸ਼ਹਿਰ ਦੇ ਨਵੇਂ ਚੁਣੇ ਤੇ ਸਾਬਕਾ ਕੌਂਸਲਰਾਂ ਸਮੇਤ 400 ਸ਼ਹਿਰੀਆਂ ਨੇ ਨਾਲਿਆਂ ਦੀ ਸਫ਼ਾਈ ਕਰਵਾਉਣ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦਾ ਇਹ ਮਾਮਲਾ ਡੀ. ਸੀ. ਪਟਿਆਲਾ ਸਮੇਤ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਪੰਜਾਬ, ਡਾਇਰੈਕਟਰ ਸਥਾਨਕ ਸਰਕਾਰਾਂ ਪੰਜਾਬ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਪਟਿਆਲਾ ਤੇ ਐੱਸ. ਡੀ. ਐੱਮ. ਰਾਜਪੁਰਾ ਤੱਕ ਪਹੁੰਚਾ ਕੇ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਉਕਤ ਸ਼ਹਿਰ ਦੇ ਪਤਵੰਤਿਆਂ ਨੇ ਡੀ. ਸੀ. ਸਮੇਤ ਹੋਰ ਪੰਜਾਬ ਉੱਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ ਕਿ ਪਿੰਡ ਭੋਗਲਾਂ ਦੀ ਜਦੋਂ ਸੜਕ ਦੀ ਉਸਾਰੀ ਕੀਤੀ ਗਈ ਤਾਂ ਆਮ ਰਾਜਪੁਰਾ ਟਾਊਨ ਦੀ ਰਿਹਾਇਸ਼ੀ ਇਲਾਕੇ ਦੀਆਂ ਗਲੀਆਂ ਤੋਂ ਬਹੁਤ ਉੱਚੀ ਬਣਾ ਦਿੱਤੀ ਹੈ। ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਸੜਕ ਦੇ ਨਾਲ ਵਗਦਾ ਗੰਦੇ ਪਾਣੀ ਦੇ ਨਾਲੇ ’ਤੇ ਲੈਂਟਰ ਪਾ ਕੇ ਸ਼ਟਰ ਲਗਾ ਕੇ ਨਾਲੇ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ ਅਤੇ ਨਾਲੇ ਦੀ ਸਫ਼ਾਈ ਵੀ ਪਿਛਲੇ 5-6 ਸਾਲਾਂ ਤੋਂ ਨਗਰ ਕੌਂਸਲ ਵਲੋਂ ਨਹੀਂ ਕਰਵਾਈ ਗਈ। ਜਿਸ ਕਾਰਨ ਭੋਗਲਾਂ ਰੋਡ ਦਾ ਉੱਚਾ ਬਣਾਉਣਾ ਤੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਰਿਹਾਇਸ਼ੀ ਇਲਾਕੇ ਦੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੇ ਜਦੋਂ ਵੀ ਬਰਸਾਤ ਹੋਵੇ ਰਾਜਪੁਰਾ ਟਾਊਨ ਦੇ ਰਿਹਾਇਸ਼ੀ ਇਲਾਕੇ ਝੀਲਾਂ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਪਟਿਆਲਾ ਰੋਡ ਦੇ ਦੋਵੇਂ ਪਾਸੇ ਬਣੇ ਨਾਲਿਆਂ ਅਮਰ ਪੈਲੇਸ ਦੇ ਨੇੜੇ ਮਿੱਟੀ ਪਾ ਕੇ ਨਾਲਿਆਂ ਨੂੰ ਵੀ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ੇ ਕਰ ਲੈਣ ਨਾਲ ਸਾਰੇ ਸ਼ਹਿਰ ਦੇ ਪਾਣੀ ਦੀ ਨਿਕਾਸੀ ਰੁਕ ਜਾਂਦੀ ਹੈ ਤੇ ਸ਼ਹਿਰ ਹਰ ਬਰਸਾਤ ਬਾਅਦ ਡੁੱਬਣ ਕੰਢੇ ਪਹੁੰਚੇ ਜਾਂਦਾ ਹੈ। ਸ਼ਹਿਰ ਦੇ ਵਸਨੀਕਾਂ ਨੇ ਉੱਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ ਕਿ ਜਲਦੀ ਇਹ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਨਾਲਿਆਂ ਦੀ ਸਫ਼ਾਈ ਕਰਵਾਈ ਜਾਵੇ ਤਾਂ ਕਿ ਬਰਸਾਤ ਦੇ ਮੌਸਮ ਵਿਚ ਸ਼ਹਿਰ ਵਾਸੀਆਂ ਨੂੰ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਭਰਵੀਂ ਬਾਰਿਸ਼ ਨਾਲ ਕਿਤੇ ਖੁਸ਼ੀ ਕਿਤੇ ਗਮ ਵਾਲਾ ਮਾਹੌਲ ਅਗਲੀ ਖ਼ਬਰ ਝੂਠੇ ਵੀਜ਼ੇ ਤੇ ਨਕਲੀ ਆਫਰ ਲੈਟਰ ਦੇਣ ਵਾਲਿਆਂ ਦੀ ਦਿਓ ਜਾਣਕਾਰੀ-ਜਤਿੰਦਰ ਸਿੰਘ ਸ਼ੰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।