09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਿੱਧੇ ਵਿਭਾਗੀ ਕੰਟਰੈਕਟ ਦੀ ਮੰਗ ਨੂੰ ਲੈ ਕੇ ਪਟਿਆਲਾ ਵਿਖੇ ਧਰਨਾ ਜਾਰੀ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 07-07-2026
ਪਟਿਆਲਾ, 6 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ (ਪੀ. ਐਸ. ਪੀ. ਸੀ. ਐਲ.) ਵਲੋਂ ਸਿੱਧੇ ਵਿਭਾਗ ’ਚ ਕੰਟਰੈਕਟ (ਇਨਸੋਰਸ) ’ਤੇ ਲੈਣ ਦੀ ਮੁੱਖ ਮੰਗ ਨੂੰ ਲੈ ਕੇ 17 ਜੂਨ ਤੋਂ ਪਾਵਰਕਾਮ ਮੁੱਖ ਦਫ਼ਤਰ ਪਟਿਆਲਾ ਵਿਖੇ ਸ਼ੁਰੂ ਕੀਤਾ ਧਰਨਾ ਅੱਜ ਵੀ ਲਗਾਤਾਰ ਜਾਰੀ ਰਿਹਾ। ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਲੋਂ ਵਾਰ-ਵਾਰ ਮੀਟਿੰਗਾਂ ਕਰਕੇ ਵੀ ਮਸਲੇ ਦਾ ਹੱਲ ਨਾ ਕਰਨ ਤੇ ਸਿਰਫ਼ ਲਾਰੇਬਾਜ਼ੀ ਕਰਨ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਫੈਡਰੇਸ਼ਨ ਵਲੋਂ ਪਾਵਰਕਾਮ ਦੇ ਗੇਟ ਨੰਬਰ-2 (ਸ਼ੇਰਾਂ ਵਾਲਾ ਗੇਟ) ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਅਤੇ ਲਾਰੇਬਾਜ਼ੀ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਐੱਨ. ਸੀ. ਸੀ., ਸੀ. ਆਰ. ਸੀ., ਮੀਟਰ ਲੈਬ, ਸਟੋਰਾਂ ਅਤੇ ਹੋਰ ਕੈਟੇਗਰੀਆਂ ਵਿਚ ਕੰਮ ਕਰ ਰਹੇ ਆਊਟਸੋਰਸ ਕਰਮਚਾਰੀਆਂ ਨੂੰ ਵੀ ਹੋਰ ਕੈਟੇਗਰੀਆਂ ਵਾਂਗ ਸਿੱਧੇ ਵਿਭਾਗੀ ਕੰਟਰੈਕਟ ’ਤੇ ਲੈਣ ਦੀ ਹੈ। ਫੈਡਰੇਸ਼ਨ ਨੇ ਦੱਸਿਆ ਕਿ 24 ਮਈ 2026 ਨੂੰ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨਾਲ ਹੋਈ ਮੀਟਿੰਗ ਦੌਰਾਨ ਇਹ ਭਰੋਸਾ ਦਿੱਤਾ ਗਿਆ ਸੀ ਕਿ 15 ਜੂਨ 2026 ਤੱਕ ਸਾਰੀ ਪ੍ਰਕਿਰਿਆ ਪੂਰੀ ਕਰਕੇ ਆਊਟਸੋਰਸ ਕਰਮਚਾਰੀਆਂ ਨੂੰ ਸਿੱਧੇ ਵਿਭਾਗੀ ਕੰਟਰੈਕਟ ’ਤੇ ਲੈਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਪਰ ਅੱਜ ਤੱਕ ਨਾ ਤਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਨਾ ਹੀ ਵਾਅਦੇ ਨੂੰ ਅਮਲੀ ਰੂਪ ਦਿੱਤਾ ਗਿਆ ਹੈ, ਜਿਸ ਕਾਰਨ ਸਮੂਹ ਕਰਮਚਾਰੀਆਂ ਵਿਚ ਭਾਰੀ ਨਿਰਾਸ਼ਾ ਅਤੇ ਰੋਸ ਹੈ। ਫੈਡਰੇਸ਼ਨ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬਿਨਾਂ ਹੋਰ ਦੇਰੀ ਕੀਤੇ ਆਊਟਸੋਰਸ ਕਰਮਚਾਰੀਆਂ ਨੂੰ ਸਿੱਧੇ ਵਿਭਾਗੀ ਕੰਟਰੈਕਟ ’ਤੇ ਲੈਣ ਸੰਬੰਧੀ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ। ਫੈਡਰੇਸ਼ਨ ਸੂਬਾ ਪ੍ਰਧਾਨ ਕੁਲਜੀਤ ਸਿੰਘ ਲੋਹਕਾ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ’ਚ ਮੁੱਖ ਦਫ਼ਤਰ ਦਾ ਘਿਰਾਓ, ਸੜਕਾਂ ’ਤੇ ਜਾਮ ਤੇ ਹੋਰ ਤਿੱਖੇ ਸੰਘਰਸ਼ੀ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਦੇ ਨਾਲ ਤਰਨਜੀਤ ਸਿੰਘ ਬੋਦਲ, ਤਰਨਦੀਪ ਸਿੰਘ ਵਿਰਦੀ, ਵਿਸ਼ਾਲ ਸ਼ਰਮਾ, ਅਮਿਤ ਕੁਮਾਰ ਸ਼ਰਮਾ, ਪਵਨਦੀਪ ਸਿੰਘ ਪੱਟੀ, ਮਨਪ੍ਰੀਤ ਸਿੰਘ ਪੱਟੀ, ਮਨਪ੍ਰੀਤ ਸਿੰਘ ਲੁਧਿਆਣਾ, ਗੁਰਜੰਟ ਸਿੰਘ ਲੁਧਿਆਣਾ, ਜਗਦੀਪ ਸਿੰਘ ਲੁਧਿਆਣਾ, ਮਨਦੀਪ ਕੌਰ, ਮੈਡਮ ਕੰਚਨ, ਮੈਡਮ ਸਰੂਚੀ ਅਤੇ ਸੂਬੇ ਭਰ ਤੋਂ ਹੋਰ ਵੀ ਸਾਥੀ ਮੌਜੂਦ ਸੀ।
ਪਿਛਲੀ ਖ਼ਬਰ ਅੰਮ੍ਰਿਤਸਰ ’ਚ ਕਾਊਂਟਰ ਇੰਟੈਲੀਜੈਂਸ ਵਲੋਂ 100 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਅਗਲੀ ਖ਼ਬਰ ਖਾਣ-ਪੀਣ ਦੀ ਰੇਸ਼ੋ ਜੇਕਰ ਸਹੀ ਹੋਵੇ ਤਾਂ ਹਰ ਮਨੁੱਖ ਤੰਦਰੁਸਤ ਰਹੇਗਾ-ਨਿਊਟ੍ਰੀਸ਼ਨ ਕੋਚ ਪਰਮਜੀਤ ਕਾਲਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।