05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪਟਿਆਲਾ ਦੇ ਕੂੜਾ ਡੰਪ ਦੀ ਰੈਮੀਡੀਏਸ਼ਨ ਲਗਭਗ ਮੁਕੰਮਲ-ਮੇਅਰ ਕੁੰਦਨ ਗੋਗੀਆ 1.43 ਲੱਖ ਟਨ ’ਚੋਂ 1.40 ਲੱਖ ਟਨ ਪੁਰਾਣੇ ਕੂੜੇ ਦੀ ਰੈਮੀਡੀਏਸ਼ਨ ਪੂਰੀ : ਕਮਿਸ਼ਨਰ

ਅਜੀਤ ਡੈਸਕ 05-07-2026
ਪਟਿਆਲਾ, 4 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਸ਼ਹਿਰ ਦੇ ਲੰਬੇ ਸਮੇਂ ਤੋਂ ਚੱਲ ਰਹੇ ਕੂੜਾ ਡੰਪ ਦੀ ਸਮੱਸਿਆ ਦੇ ਹੱਲ ਵੱਲ ਨਗਰ ਨਿਗਮ ਨੇ ਵੱਡਾ ਕਦਮ ਚੁੱਕਿਆ ਹੈ। ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਪੁਰਾਣੇ ਕੂੜੇ ਦੀ ਰੈਮੀਡੀਏਸ਼ਨ ਦਾ ਕੰਮ ਤੇਜ਼ੀ ਨਾਲ ਅੱਗੇ ਵਧਿਆ ਹੈ, ਜਿਸ ਕਾਰਨ ਸਾਲਾਂ ਤੋਂ ਪਰੇਸ਼ਾਨ ਇਲਾਕਾ ਵਾਸੀਆਂ ਨੂੰ ਹੁਣ ਵੱਡੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਡੰਪ ਸਾਈਟ ਦੀ ਰੈਮੀਡੀਏਸ਼ਨ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1.43 ਲੱਖ ਟਨ ਵਿਚੋਂ 1.40 ਲੱਖ ਟਨ ਪੁਰਾਣੇ ਕੂੜੇ ਦੀ ਰੈਮੀਡੀਏਸ਼ਨ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ 3 ਹਜ਼ਾਰ ਟਨ ਕੂੜੇ ਦੀ ਰੈਮੀਡੀਏਸ਼ਨ ਦਾ ਕੰਮ ਵੀ ਇਕ ਹਫ਼ਤੇ ਦੇ ਅੰਦਰ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਸ਼ਹਿਰ ਨੂੰ ਸਾਫ਼-ਸੁਥਰਾ, ਪ੍ਰਦੂਸ਼ਣ ਮੁਕਤ ਅਤੇ ਵਾਤਾਵਰਣ ਪੱਖੋਂ ਸੁਰੱਖਿਅਤ ਬਣਾਉਣਾ ਹੈ, ਜਿਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਰੈਮੀਡੀਏਸ਼ਨ ਪੁਰਾਣੇ ਕੂੜੇ ਨੂੰ ਵਿਗਿਆਨਕ ਢੰਗ ਨਾਲ ਛਾਂਟ ਕੇ ਉਸ ਦਾ ਨਿਪਟਾਰਾ ਕਰਨ ਦੀ ਪ੍ਰਕਿਰਿਆ ਹੈ। ਸਭ ਤੋਂ ਪਹਿਲਾਂ ਡੰਪ ਸਾਈਟ ਤੋਂ ਆਉਣ ਵਾਲੀ ਬਦਬੂ ਅਤੇ ਹਵਾ ਪ੍ਰਦੂਸ਼ਣ ਵਿਚ ਵੱਡੀ ਕਮੀ ਆਉਂਦੀ ਹੈ। ਕੂੜੇ ਵਿਚ ਆਪਣੇ ਆਪ ਲੱਗਣ ਵਾਲੀ ਅੱਗ ਅਤੇ ਉਸ ਤੋਂ ਨਿਕਲਣ ਵਾਲਾ ਧੂੰਆ ਵੀ ਘੱਟ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ’ਤੇ ਪੈਣ ਵਾਲਾ ਨੁਕਸਾਨ ਘਟਦਾ ਹੈ। ਰੈਮੀਡੀਏਸ਼ਨ ਦੌਰਾਨ ਪਲਾਸਟਿਕ, ਧਾਤ, ਮਿੱਟੀ ਅਤੇ ਹੋਰ ਸਮੱਗਰੀ ਨੂੰ ਵੱਖ-ਵੱਖ ਕਰਕੇ ਦੁਬਾਰਾ ਵਰਤੋਂ ਜਾਂ ਸੁਰੱਖਿਅਤ ਨਿਪਟਾਰੇ ਲਈ ਭੇਜਿਆ ਜਾਂਦਾ ਹੈ। ਇਸ ਨਾਲ ਜ਼ਮੀਨ ਖਾਲੀ ਹੁੰਦੀ ਹੈ, ਜਿਸ ਦੀ ਵਰਤੋਂ ਭਵਿੱਖ ਵਿਚ ਜਨਤਕ ਸਹੂਲਤਾਂ ਜਾਂ ਹੋਰ ਵਿਕਾਸ ਕਾਰਜਾਂ ਲਈ ਕੀਤੀ ਜਾ ਸਕਦੀ ਹੈ। ਨਾਲ ਹੀ, ਮਿੱਟੀ ਅਤੇ ਭੂ-ਜਲ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾਂਦਾ ਹੈ। ਇਸ ਤਰ੍ਹਾਂ ਰੈਮੀਡੀਏਸ਼ਨ ਨਾ ਸਿਰਫ਼ ਸਫ਼ਾਈ ਮੁਹਿੰਮ ਨੂੰ ਮਜ਼ਬੂਤ ਕਰਦੀ ਹੈ, ਸਗੋਂ ਵਾਤਾਵਰਣ ਦੀ ਸੰਭਾਲ ਅਤੇ ਲੋਕਾਂ ਦੀ ਸਿਹਤ ਲਈ ਵੀ ਬਹੁਤ ਲਾਭਕਾਰੀ ਸਾਬਤ ਹੁੰਦੀ ਹੈ। ਇਸ ਦੇ ਨਾਲ ਹੀ ਪੁਰਾਣੇ ਕੂੜੇ ਨੂੰ ਸੰਪੂਰਨ ਤੇ ਖਤਮ ਕਰਨ ਲਈ 1 ਲੱਖ ਟਨ ਸਮਰੱਥਾ ਵਾਲਾ ਨਵਾਂ ਟੈਂਡਰ ਵੀ ਜਾਰੀ ਕੀਤਾ ਗਿਆ ਹੈ। ਇਸ ਤਹਿਤ ਹੁਣ ਤੱਕ 2500 ਟਨ ਕੂੜੇ ਦੀ ਰੈਮੀਡੇਸ਼ਨ ਕੀਤੀ ਜਾ ਚੁੱਕੀ ਹੈ, ਜਦਕਿ ਬਾਕੀ ਕੰਮ ਨੂੰ ਵੀ ਆਉਣ ਵਾਲੇ ਦੋ ਤੋਂ ਤਿੰਨ ਮਹੀਨਿਆਂ ਵਿਚ ਪੂਰਾ ਕਰਨ ਦੀ ਯੋਜਨਾ ਹੈ। ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪੂਜਾ ਸਿਆਲ ਗਰੇਵਾਲ ਅਤੇ ਸੈਨੀਟਰੀ ਇੰਸਪੈਕਟਰ ਹਰਵਿੰਦਰ ਸਿੰਘ ਮੌਜੂਦ ਰਹੇ।
ਪਿਛਲੀ ਖ਼ਬਰ ਖੇਤੀਬਾੜੀ ਵਾਲੀ ਜ਼ਮੀਨ ਦੇ ਵਿਵਾਦ ’ਚ ਜ਼ਖ਼ਮੀ ਕਿਸਾਨ ਦੀ ਮੌਤ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ– ਪੀੜਤ ਪਰਿਵਾਰ ਅਗਲੀ ਖ਼ਬਰ ਬਨੂੜ ਬੈਰੀਅਰ ਚੌਂਕ ’ਤੇ ਹੋਈ ਫਾਈਰਿੰਗ ਦੌਰਾਨ ਇਕ ਨੌਜਵਾਨ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।