05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜ਼ਿਲ੍ਹਾ ਪਟਿਆਲਾ ਦੇ ਸਕੂਲਾਂ ਵਲੋਂ ‘ਮਿਸ਼ਨ ਹਰਿਆਲੀ-2026’ ਦੀ ਸ਼ੁਰੂਆਤ 9 ਲੱਖ ਬੂਟੇ ਲਗਾਉਣ ਦਾ ਟੀਚਾ- ਭੁਪਿੰਦਰ ਸਿੰਘ

ਅਜੀਤ ਡੈਸਕ 05-07-2026
ਦੇਵੀਗੜ, 4 ਜੁਲਾਈ (ਰਾਜਿੰਦਰ ਸਿੰਘ ਮੌਜੀ)- ਵਾਤਾਵਰਨ ਦੀ ਸੰਭਾਲ ਅਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ‘ਆਪਣਾ ਪੰਜਾਬ ਫਾਊਂਡੇਸ਼ਨ’ ਅਤੇ ‘ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ)’ ਵਲੋਂ ਸਾਂਝੇ ਤੌਰ ’ਤੇ ‘ਮਿਸ਼ਨ ਹਰਿਆਲੀ–2026’ ਦਾ ਆਗਾਜ਼ ਕੀਤਾ ਗਿਆ ਹੈ । ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਸਕੂਲਾਂ ਰਾਹੀਂ 9 ਲੱਖ ਬੂਟੇ ਲਗਾ ਕੇ ਵਾਤਾਵਰਨ ਨੂੰ ਨਵੀਂ ਦਿਸ਼ਾ ਦੇਣ ਦਾ ਟੀਚਾ ਮਿੱਥਿਆ ਗਿਆ ਹੈ । ਜ਼ਿਲ੍ਹਾ ਪ੍ਰਧਾਨ ਅਤੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਸਿਰਫ਼ ਪੌਦੇ ਲਗਾਉਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਅਤੇ ਮਾਪਿਆਂ ’ਚ ਵਾਤਾਵਰਨ ਪ੍ਰਤੀ ਜਵਾਬਦੇਹੀ ਪੈਦਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਲਗਾਏ ਗਏ ਹਰ ਪੌਦੇ ਦੀ ਸਾਂਭ-ਸੰਭਾਲ ਯਕੀਨੀ ਬਣਾਉਣਾ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ । ਉਨ੍ਹਾਂ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਮਿਸ਼ਨ ਤਹਿਤ 5 ਤੋਂ 15 ਜੁਲਾਈ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ । ਇਸ ਦੌਰਾਨ ਹਰ ਵਿਦਿਆਰਥੀ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਇੱਕ ਪੌਦਾ ਲਗਾਏਗਾ । ਹਰ ਸਕੂਲ ਆਪਣੇ ਕੈਂਪਸ ਜਾਂ ਨੇੜਲੇ ਖੇਤਰਾਂ ’ਚ ਘੱਟੋ-ਘੱਟ 100 ਬੂਟੇ ਲਗਾਵੇਗਾ । ਪੌਦਿਆਂ ਦੀ ਸਫਲਤਾ ਯਕੀਨੀ ਬਣਾਉਣ ਲਈ ਦੋ ਫੁੱਟ ਉੱਚੇ ਬੂਟੇ ਲਗਾਉਣ ਅਤੇ ਪਹਿਲਾਂ ਤੋਂ ਟੋਏ ਤਿਆਰ ਕਰਨ ਦੀ ਹਦਾਇਤ ਦਿੱਤੀ ਗਈ ਹੈ । ਮੁਹਿੰਮ ਨੂੰ ਪਾਰਦਰਸ਼ੀ ਬਣਾਉਣ ਲਈ ਵਿਦਿਆਰਥੀਆਂ ਨੂੰ ਆਪਣੇ ਲਗਾਏ ਬੂਟੇ ਦੀ ਤਸਵੀਰ ਅਤੇ ਸਥਾਨ ਦੀ ਜਾਣਕਾਰੀ ਇੱਕ ਨਿਰਧਾਰਿਤ ਪੋਰਟਲ ’ਤੇ ਅਪਲੋਡ ਕਰਨੀ ਹੋਵੇਗੀ । ਭੁਪਿੰਦਰ ਸਿੰਘ ਨੇ ਦੱਸਿਆ ਕਿ ਵਾਤਾਵਰਨ ਸੰਤੁਲਨ ਲਈ ‘ਪਾਣੀ ਬਚਾਓ-ਰੁੱਖ ਲਗਾਓ’ ਦਾ ਸੰਦੇਸ਼ ਪੰਜਾਬ ਦੀਆਂ 5,000 ਸਕੂਲ ਬੱਸਾਂ ’ਤੇ ਵਿਨਾਇਲ ਸਟਿੱਕਰਾਂ ਰਾਹੀਂ ਫੈਲਾਇਆ ਜਾਵੇਗਾ । ਇਸ ਤੋਂ ਇਲਾਵਾ 50 ਸਕੂਲਾਂ ’ਚ ‘ਗੁਰੂ ਨਾਨਕ ਬਗੀਚੀ’ ਮਾਡਲ ਅਨੁਸਾਰ ਬਗੀਚੇ ਵਿਕਸਤ ਕੀਤੇ ਜਾਣਗੇ ਅਤੇ 100 ਸਕੂਲਾਂ ਵਿਚ ‘ਰੇਨ ਵਾਟਰ ਰੀਚਾਰਜ’ ਪ੍ਰੋਜੈਕਟ ਸਥਾਪਿਤ ਕੀਤੇ ਜਾਣਗੇ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਿਆ ਜਾ ਸਕੇ ।
ਪਿਛਲੀ ਖ਼ਬਰ ਬਨੂੜ ਬੈਰੀਅਰ ਚੌਂਕ ’ਤੇ ਹੋਈ ਫਾਈਰਿੰਗ ਦੌਰਾਨ ਇਕ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਪਾਵਰਕਾਮ ਦੇ ਸੀ.ਐਮ.ਡੀ. ਡਾ. ਬਸੰਤ ਗਰਗ (ਆਈ.ਏ.ਐਸ.) ਨਾਲ ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਅਫ਼ਸਰਜ਼ ਦੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।