05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

‘ਸਭ ਅੱਛਾ ਹੈ’ ਦਾ ਦਾਅਵਾ ਕਰਨ ਵਾਲੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪਹਿਲੇ ਮੀਂਹ ਨੇ ਖੋਲ੍ਹੀ ਪੋਲ

ਅਜੀਤ ਡੈਸਕ 05-07-2026

ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 4 ਜੁਲਾਈ -ਪਟਿਆਲਾ ਸ਼ਹਿਰ ’ਚ ਜਿੱਥੇ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ‘ਸਭ ਅੱਛਾ ਹੈ’ ਕਹਿ ਕੇ ਸ਼ਹਿਰ ’ਚ ਸਫਾਈ, ਪਾਣੀ ਦੀ ਨਿਕਾਸੀ ਵਰਗੇ ਦਮਗਜੇ ਮਾਰੇ ਜਾਂਦੇ ਹਨ ਉਥੇ ਹੀ ਧਰਾਤਲੀ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਦਾਅਵੇ ਫੋਕੇ ਹੀ ਸਾਬਤ ਹੁੰਦੇ ਰਹੇ । ਅੱਜ ਪਟਿਆਲਾ ’ਚ ਕੁਝ ਸਮੇਂ ਪਏ ਜੋਰਦਾਰ ਮੀਂਹ ਕਾਰਨ ਜਿੱਥੇ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਸਨ, ਉਥੇ ਸ਼ਹਿਰ ਵਾਸੀਆਂ ਨੂੰ ਆਪਣੇ ਦੋ ਪਹੀਆ ਵਾਹਨਾਂ ਨੂੰ ਘੜੀਸਦੇ ਹੋਏ ਦੇਖਣ ਨੂੰ ਮਿਲਿਆ । ਇਥੇ ਹੀ ਵੱਸ ਨਹੀਂ ਲੰਘੇ ਸਾਲਾਂ ਵਿਚ ਜਿੱਥੇ ਖੜੇ ਪਾਣੀ ਦੀ ਹਰ ਸ਼ਹਿਰ ਵਾਸੀ ਮਿਸਾਲ ਦੇ ਸਕਦਾ ਹੈ, ਉਥੇ ਹੀ ਇਸ ਵਾਰੀ ਵੀ ਸੈਂਚੁਰੀ ਇਨਕਲੇਵ ਗੇਟ ਸਾਹਮਣੇ, ਤ੍ਰਿਪੜੀ ਅਤੇ ਜੇਲ੍ਹ ਰੋਡ ਵੱਲ ਦੋਹਾਂ ਪਾਸਿਆਂ ਪਾਣੀ ਨਦੀ ਵਾਂਗ ਭਰਿਆ ਪਿਆ ਸੀ। ਇਥੇ ਦੱਸਣਯੋਗ ਹੈ ਕਿ ਸੈਂਚੁਰੀ ਇਨਕਲੇਵ ਸਾਹਮਣੇ ਖੜਦੇ ਪਾਣੀ ਨੂੰ ਰੋਕਣ ਲਈ ਸ਼ਹਿਰ ਦੇ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੇ ਪ੍ਰਾਜੈਕਟ ਚਲਾ ਕੇ ਇਸ ਪਾਣੀ ਨੂੰ ਕਿਸੇ ਹੋਰ ਪਾਸੇ ਲਿਜਾਣ ਦੀ ਗੱਲ ਆਖੀ ਗਈ ਸੀ ਪਰ ਪ੍ਰਾਜੈਕਟ ਲੱਗਣ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ। ਸ਼ਹਿਰ ਦੀ ਲੱਕੜ ਮੰਡੀ, ਤ੍ਰਿਪੜੀ ਦੀਆਂ ਗਲੀਆਂ, ਅਰਬਨ ਅਸਟੇਟ ਦੀਆਂ ਸੜਕਾਂ ’ਤੇ ਕੁਝ ਮਿੰਟਾਂ ਦੇ ਮੀਂਹ ਨੇ ਹੀ ਨਗਰ ਨਿਗਮ ਦੇ ਖੋਖਲੇ ਦਾਅਵਿਆਂ ਦਾ ਸੱਚ ਸਾਹਮਣੇ ਲਿਆ ਦਿੱਤਾ ਹੈ। ਬੇਸ਼ੱਕ ਮੇਅਰ ਕੁੰਦਨ ਗੋਗੀਆ ਵਲੋਂ ਆਪਣੇ ਪੱਧਰ ’ਤੇ ਦਿਨ ਰਾਤ ਕਰਕੇ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਪ੍ਰੰਤੂ ਸ਼ਹਿਰ ਦੀਆਂ ਕੁਝ ਥਾਵਾਂ ਜਿਨ੍ਹਾਂ ’ਤੇ ਹਰ ਸਾਲ ਮੀਂਹ ਦੇ ਖੜਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਹਨ, ਉਹ ਥਾਵਾਂ ਹਾਲੇ ਵੀ ਜਿਉਂ ਦੀਆਂ ਤਿਉਂ ਹਨ। ਰਹਿੰਦੀ ਕਸਰ ਪਟਿਆਲਾ ਸ਼ਹਿਰ ’ਚ ਵੱਖ-ਵੱਖ ਚੱਲ ਰਹੇ ਪ੍ਰਾਜੈਕਟਾਂ ਨੇ ਕੱਢੀ ਪਈ ਹੈ ਜਿਨ੍ਹਾਂ ਵਲੋਂ ਸ਼ਹਿਰ ਦੀਆਂ ਗਲੀਆਂ ਅਤੇ ਕੁਝ ਸੜਕਾਂ ਪੁੱਟੀਆਂ ਗਈਆਂ ਜਿਨ੍ਹਾਂ ਕਾਰਨ ਮੀਂਹ ਪੈਣ ਤੋਂ ਬਾਅਦ ਚਿਕੜ ਲੋਕਾਂ ਲਈ ਵੱਡੀ ਸਿਰਦਰਦੀ ਬਣ ਜਾਂਦਾ ਹੈ ਅਤੇ ਉਹ ਆਪਣੇ ਘਰਾਂ ਤੱਕ ਅੱਪੜਨ ਨੂੰ ਹੀ ਤਰਸ ਜਾਂਦੇ ਹਨ।

ਪਿਛਲੀ ਖ਼ਬਰ ਸਿਹਤ ਮੰਤਰੀ ਵਲੋਂ ਪਟਿਆਲਾ ’ਚ ਰੋਬੋਟਿਕ-ਅਸਿਸਟਡ ਆਰਥੋਪੈਡਿਕ ਸਰਜਰੀ ਤਕਨਾਲੋਜੀ ਦੀ ਸ਼ੁਰੂਆਤ ਰੋਬੋਟਿਕ ਸਰਜਰੀ ਨਾਲ ਇਲਾ... ਅਗਲੀ ਖ਼ਬਰ ਨੌਜਵਾਨ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 3 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।