09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਸਨੌਰ ਦਾ ਦੌਰਾ

ਅਜੀਤ ਡੈਸਕ 16-06-2026
ਸਨੌਰ, 15 ਜੂਨ (ਮੋਹਣ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਲਕਾ ਸਨੌਰ ਫੇਰੀ ਦੌਰਾਨ ਇਲਾਕੇ ਦੇ ਅਹਿਮ ਮਸਲਿਆਂ ਅਤੇ ਖ਼ਾਸ ਕਰਕੇ ਆਉਣ ਵਾਲੇ ਬਰਸਾਤੀ ਸੀਜ਼ਨ ਦੌਰਾਨ ਹੜ੍ਹਾਂ ਦੀ ਮਾਰ ਤੋਂ ਬਚਾਅ ਦੇ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਚਰਚਾ ਹੋਈ | ਇਸ ਦੌਰਾਨ ਹਲਕਾ ਇੰਚਾਰਜ ਕਮੇਟੀ ਦੇ ਮੈਂਬਰ ਕਿ੍ਸ਼ਨ ਸਿੰਘ ਸਨੌਰ ਨੇ ਪਾਰਟੀ ਪ੍ਰਧਾਨ ਨੂੰ ਇਲਾਕੇ ਦੀਆਂ ਮੁਸ਼ਕਲਾਂ ਅਤੇ ਹੜ੍ਹਾਂ ਦੇ ਗੰਭੀਰ ਮੁੱਦੇ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ | ਕਿ੍ਸ਼ਨ ਸਿੰਘ ਸਨੌਰ ਵੱਲੋਂ ਹੜ੍ਹਾਂ ਦੀ ਸੰਭਾਵਨਾ ਬਾਰੇ ਜਤਾਈ ਚਿੰਤਾ 'ਤੇ ਪ੍ਰਤੀਕਰਮ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ | ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾ ਵਿੱਚ ਬੈਠੇ ਗੈਰ-ਤਜਰਬੇਕਾਰ ਲੋਕਾਂ ਕਰਕੇ ਸਮੇਂ ਸਿਰ ਕੋਈ ਵੀ ਅਗਾਊਾ ਪ੍ਰਬੰਧ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਕਿਸਾਨਾਂ ਨੂੰ ਮੁੜ ਵੱਡੇ ਨੁਕਸਾਨ ਦਾ ਡਰ ਸਤਾ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਇਸੇ ਨਾਕਾਮੀ ਅਤੇ ਨਾਲਾਇਕੀ ਕਾਰਨ ਹਲਕਾ ਸਨੌਰ ਦੇ ਕਿਸਾਨਾਂ ਨੂੰ ਹਰ ਸਾਲ ਪਾਣੀਆਂ ਦੀ ਮਾਰ ਵੱਡੇ ਪੱਧਰ 'ਤੇ ਝੱਲਣੀ ਪੈਂਦੀ ਹੈ | ਉਨ੍ਹਾਂ ਕਿਹਾ ਕਿ Uਸਨੌਰ ਪੂਰੀ ਤਰ੍ਹਾਂ ਖੇਤੀਬਾੜੀ ਪ੍ਰਧਾਨ ਇਲਾਕਾ ਹੈ | ਇੱਥੇ ਹਰ ਸਾਲ ਹੜ੍ਹਾਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਅਤੇ ਪਸ਼ੂ-ਧਨ ਦਾ ਭਾਰੀ ਨੁਕਸਾਨ ਹੁੰਦਾ ਹੈ, ਪਰ ਬਦਕਿਸਮਤੀ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਪੀੜਤਾਂ ਦੀ ਬਾਂਹ ਫੜਨ ਦੀ ਬਜਾਏ ਅੱਖਾਂ ਮੀਟ ਕੇ ਬੈਠੀ ਹੈ |U ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਨਜ਼ ਕਸਦਿਆਂ, ਅਕਾਲੀ ਦਲ ਦੀਆਂ ਸੇਵਾਵਾਂ ਚੇਤੇ ਕਰਵਾਈਆਂ ਤੇ ਪਿਛਲੇ ਸਾਲ ਆਫ਼ਤ ਦੇ ਦਿਨਾਂ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜਦੋਂ ਲੋਕ ਡੁੱਬ ਰਹੇ ਸਨ, ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੱਧਰ 'ਤੇ ਪਸ਼ੂਆਂ ਲਈ ਚਾਰੇ-ਤੂੜੀ ਅਤੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ-ਪਾਣੀ ਦਾ ਪ੍ਰਬੰਧ ਕੀਤਾ ਸੀ, ਜਦਕਿ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ |ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ, Uਪੰਜਾਬ ਸਿਰ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ, ਤਾਂ ਸਰਕਾਰ (ਮੁੱਖ ਮੰਤਰੀ) ਹਸਪਤਾਲ ਦਾਖਲ ਹੋ ਜਾਂਦੀ ਹੈ | ਸਟੇਜਾਂ ਤੋਂ ਵੱਡੇ-ਵੱਡੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਮੁਰਗੀਆਂ ਦੇ ਮੁਆਵਜ਼ੇ ਦੇਣ ਦੀਆਂ ਟਾਹਰਾਂ ਤਾਂ ਮਾਰਦੇ ਹਨ, ਪਰ ਹੜ੍ਹ-ਪੀੜਤ ਅਸਲ ਕਿਸਾਨਾਂ ਦੀ ਸਾਰ ਲੈਣ ਤੱਕ ਦੀ ਜ਼ਹਿਮਤ ਨਹੀਂ ਉਠਾਉਂਦੇ | 'ਇਸ ਮੌਕੇ ਹਲਕਾ ਆਗੂ ਕਿ੍ਸ਼ਨ ਸਿੰਘ ਸਨੌਰ ਨੇ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਨਦੀਆਂ-ਨਾਲਿਆਂ ਦੀ ਸਫ਼ਾਈ ਅਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਰਗੇ ਹੜ੍ਹ-ਰੋਕੂ ਪ੍ਰਬੰਧ ਤੁਰੰਤ ਮੁਕੰਮਲ ਕੀਤੇ ਜਾਣ | ਇਸ ਦੇ ਨਾਲ ਹੀ ਕਿਸਾਨਾਂ ਦੇ ਸੰਭਾਵੀ ਨੁਕਸਾਨ ਦੀ ਭਰਪਾਈ ਲਈ ਸਰਕਾਰ ਪਹਿਲਾਂ ਤੋਂ ਹੀ ਇੱਕ ਠੋਸ ਰੂਪ-ਰੇਖਾ ਤੇ ਯੋਜਨਾ ਤਿਆਰ ਕਰੇ ਤਾਂ ਜੋ ਅੰਨਦਾਤੇ ਨੂੰ ਬਰਬਾਦੀ ਤੋਂ ਬਚਾਇਆ ਜਾ ਸਕੇ |
ਪਿਛਲੀ ਖ਼ਬਰ ਜਸਬੀਰ ਸਿੰਘ ਗਾਂਧੀ ਨੇ ਪਿੰਗਲਾ ਆਸ਼ਰਮ ਵਿਖੇ ਮਰੀਜ਼ਾਂ ਨਾਲ ਮਨਾਇਆ ਜਨਮ ਦਿਨ ਅਗਲੀ ਖ਼ਬਰ ਮੰਦਰ 'ਤੇ ਕਬਜ਼ੇ ਨੂੰ ਲੈ ਕੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਾਮੋਸ਼- ਪਵਨ ਗੁਪਤਾ, ਬ੍ਰਹਮਾਨੰਦ ਗਿਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।