31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸ਼ਹਿਰ ਦੇ ਕੂੜਾ ਪ੍ਰਬੰਧਨ ਪ੍ਰੋਜੈਕਟ ਨੂੰ ਬਚਾਉਣ ਲਈ ਦੁੱਧੜ ਪੰਚਾਇਤ ਦਾ ਬਕਾਇਆ ਕਿਰਾਇਆ ਤੁਰੰਤ ਜਾਰੀ ਕਰੇ ਪੰਜਾਬ ਸਰਕਾਰ-ਸੰਜੀਵ ਸ਼ਰਮਾ ਬਿੱਟੂ

ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ <br/> 03-06-2026
ਪਟਿਆਲਾ, 2 ਜੂਨ (ਧਰਮਿੰਦਰ ਸਿੰਘ ਸਿੱਧੂ)-ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪਟਿਆਲਾ ਸ਼ਹਿਰ ਦੇ ਠੋਸ ਕੂੜਾ ਪ੍ਰਬੰਧਨ ਨਾਲ ਜੁੜੇ ਬਹੁਤ ਹੀ ਗੰਭੀਰ ਅਤੇ ਜਨਹਿਤ ਦੇ ਮਸਲੇ ਵੱਲ ਧਿਆਨ ਦਿਵਾਇਆ ਹੈ | ਬਿੱਟੂ ਨੇ ਦੱਸਿਆ ਕਿ ਸਾਲ 2015-16 ਦੌਰਾਨ ਪਟਿਆਲਾ ਸ਼ਹਿਰ ਦੇ ਕੂੜੇ ਦੇ ਢੇਰ ਨੂੰ ਰਿਹਾਇਸ਼ੀ ਇਲਾਕੇ ਤੋਂ ਬਾਹਰ ਸ਼ਿਫ਼ਟ ਕਰਨ ਅਤੇ ਸ਼ਹਿਰ ਨੂੰ ਸਥਾਈ ਕੂੜਾ ਪ੍ਰਬੰਧਨ ਪ੍ਰਣਾਲੀ ਮੁਹੱਈਆ ਕਰਵਾਉਣ ਲਈ ਪਿੰਡ ਦੁੱਧੜ ਵਿਖੇ ਜ਼ਮੀਨ ਅਲਾਟ ਕੀਤੀ ਗਈ ਸੀ | ਇਸ ਪ੍ਰੋਜੈਕਟ ਲਈ ਨੈਸ਼ਨਲ ਗਰੀਨ ਟਿ੍ਬਿਊਨਲ (ਐਨ.ਜੀ.ਟੀ.), ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸੰਬੰਧਿਤ ਵਿਭਾਗਾਂ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਵੀ ਪ੍ਰਾਪਤ ਕਰ ਲਈਆਂ ਗਈਆਂ ਸਨ ਅਤੇ ਪ੍ਰੋਜੈਕਟ ਲਈ ਟੈਂਡਰ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਸੀ | ਉਨ੍ਹਾਂ ਕਿਹਾ ਕਿ ਨਗਰ ਨਿਗਮ ਪਟਿਆਲਾ ਵਲੋਂ ਇਸ ਜ਼ਮੀਨ ਦੇ ਬਦਲੇ ਪਿੰਡ ਦੁੱਧੜ ਦੀ ਗਰਾਮ ਪੰਚਾਇਤ ਨੂੰ ਲਗਭਗ 14 ਲੱਖ ਰੁਪਏ ਸਾਲਾਨਾ ਕਿਰਾਇਆ ਅਦਾ ਕੀਤਾ ਜਾਂਦਾ ਸੀ ਪਰ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵਲੋਂ ਪਿਛਲੇ ਕੁੱਝ ਸਮੇਂ ਤੋਂ ਇਹ ਕਿਰਾਇਆ ਜਾਰੀ ਨਹੀਂ ਕੀਤਾ ਗਿਆ | ਸਰਕਾਰ ਦੀ ਇਸ ਅਣਗਹਿਲੀ ਕਾਰਨ ਪਟਿਆਲਾ ਲਈ ਮਨਜ਼ੂਰਸ਼ੁਦਾ ਕੂੜਾ ਪ੍ਰਬੰਧਨ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਬਜਾਏ ਕੂੜੇ ਦਾ ਡੰਪ ਅਤੇ ਪ੍ਰੋਸੈਸਿੰਗ ਕੰਮ ਘਲੋੜੀ ਗੇਟ ਵਰਗੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿਚ ਹੀ ਚਲਾਇਆ ਜਾ ਰਿਹਾ ਹੈ | ਬਿੱਟੂ ਨੇ ਕਿਹਾ ਕਿ ਘਲੋੜੀ ਗੇਟ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਰਹਿੰਦੇ ਲਗਭਗ 50 ਹਜ਼ਾਰ ਲੋਕਾਂ ਦੀ ਸਿਹਤ ਇਸ ਕੂੜੇ ਦੇ ਡੰਪ ਕਾਰਨ ਗੰਭੀਰ ਖ਼ਤਰੇ ਹੇਠ ਹੈ | ਗੰਦਗੀ, ਬਦਬੂ ਅਤੇ ਮੱਛਰਾਂ ਦੀ ਭਰਮਾਰ ਕਾਰਨ ਡੇਂਗੂ, ਚਿਕਨਗੁਨੀਆ ਅਤੇ ਹੋਰ ਸੰਕਰਮਕ ਬਿਮਾਰੀਆਂ ਵਾਰ-ਵਾਰ ਫੈਲਦੀਆਂ ਰਹਿੰਦੀਆਂ ਹਨ ਪਰ ਸਰਕਾਰ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਅਣਡਿੱਠਾ ਕਰ ਰਹੀ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਿੰਡ ਦੁੱਧੜ ਦੀ ਜ਼ਮੀਨ ਕਿਰਾਇਆ ਨਾ ਮਿਲਣ ਕਾਰਨ ਨਗਰ ਨਿਗਮ ਦੇ ਹੱਥੋਂ ਨਿਕਲ ਜਾਂਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਪਟਿਆਲਾ ਸ਼ਹਿਰ ਲਈ ਇੰਨੀ ਵੱਡੀ ਅਤੇ ਢੁਕਵੀਂ ਜ਼ਮੀਨ ਪ੍ਰਾਪਤ ਕਰਨਾ ਲਗਭਗ ਅਸੰਭਵ ਹੋ ਜਾਵੇਗਾ, ਜਿਸ ਕਾਰਨ ਸ਼ਹਿਰ ਦਾ ਕੂੜਾ ਪ੍ਰਬੰਧਨ ਸੰਕਟ ਹੋਰ ਵੀ ਗੰਭੀਰ ਰੂਪ ਧਾਰ ਸਕਦਾ ਹੈ | ਸਾਬਕਾ ਮੇਅਰ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜਨਹਿਤ ਨੂੰ ਧਿਆਨ ਵਿਚ ਰੱਖਦਿਆਂ ਪਿੰਡ ਦੁੱਧੜ ਦੀ ਗਰਾਮ ਪੰਚਾਇਤ ਦਾ ਬਕਾਇਆ ਕਿਰਾਇਆ ਤੁਰੰਤ ਜਾਰੀ ਕੀਤਾ ਜਾਵੇ ਅਤੇ ਭਵਿੱਖ ਵਿਚ ਵੀ ਇਸ ਦਾ ਨਿਯਮਤ ਭੁਗਤਾਨ ਯਕੀਨੀ ਬਣਾਇਆ ਜਾਵੇ ਤਾਂ ਜੋ ਪਟਿਆਲਾ ਸ਼ਹਿਰ ਦੇ ਲੰਬੇ ਸਮੇਂ ਦੇ ਹਿਤਾਂ ਦੀ ਰੱਖਿਆ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਸਿਹਤ ਅਤੇ ਵਾਤਾਵਰਨ ਸੰਬੰਧੀ ਗੰਭੀਰ ਖ਼ਤਰਿਆਂ ਤੋਂ ਬਚਾਇਆ ਜਾ ਸਕੇ |
ਪਿਛਲੀ ਖ਼ਬਰ ਸਾਬਕਾ ਮੰਤਰੀ ਧਰਮਸੋਤ ਨੇ ਕੌਂਸਲ ਚੋਣਾਂ ਲੜਨ ਵਾਲੇ ਵਿਅਕਤੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ 'ਚ ਪਿੰਡ ਛੰਨਾ ਦੇ ਕਈ ਨੌਜਵਾਨ 'ਆਪ' 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।