07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕਿਸਾਨਾਂ ਨੂੰ ਮੰਡੀ ਤੱਕ ਅਨਾਜ ਨੂੰ ਲੈ ਜਾਣਾ ਹੋਇਆ ਔਖਾ,

ਅਜੀਤ ਡੈਸਕ 11-04-2026
ਭੁੱਨਰਹੇੜੀ, 10 ਅਪ੍ਰੈਲ (ਧਨਵੰਤ ਸਿੰਘ)-ਪਿਹੋਵਾ-ਪਟਿਆਲਾ ਨਾਲ ਮੰਡੀ ਬੋਰਡ ਦੀਆਂ ਸੰਪਰਕ ਸੜਕਾਂ ਦੀ ਖ਼ਰਾਬ ਹਾਲਤ ਨੇ ਕਿਸਾਨਾਂ ਅਤੇ ਆਮ ਜਨਤਾ ਲਈ ਵੱਡੀ ਮੁਸੀਬਤ ਹਨ | ਖ਼ਾਸ ਕਰਕੇ ਹਾੜ੍ਹੀ ਦੇ ਸੀਜ਼ਨ ਦੌਰਾਨ ਜਦੋਂ ਕਿਸਾਨ ਆਪਣੀ ਫ਼ਸਲ ਮੰਡੀਆਂ ਤੱਕ ਲੈ ਕੇ ਜਾਂਦੇ ਹਨ, ਟੁੱਟੀਆਂ ਸੜਕਾਂ ਉਨ੍ਹਾਂ ਲਈ ਸਿਰਦਰਦੀ ਬਣੀਆਂ ਹੋਈਆਂ ਹਨ | ਅਨਾਜ ਨਾਲ ਭਰੀਆਂ ਟਰਾਲੀਆਂ ਨੂੰ ਮੰਡੀ ਤੱਕ ਪੁੱਜਣ ਵਿਚ ਕਾਫ਼ੀ ਔਖਿਆਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਸਮਾਂ ਅਤੇ ਪੈਸੇ ਦੋਹਾਂ ਦੀ ਨੁਕਸਾਨੀ ਹੋ ਰਹੀ ਹੈ | ਭੁੱਨਰਹੇੜੀ ਤੋਂ ਸੰਪਰਕ ਸੜਕ ਸੁਰਕੜਾ ਫਾਰਮ, ਬੁੱਢਣਪੁਰ ਦੇ ਨਵੀਨੀਕਰਨ ਲਈ 14 ਅਕਤੂਬਰ 2025 ਨੂੰ ਉਸ ਵੇਲੇ ਦੇ ਪੀ.ਆਰ.ਟੀ.ਸੀ ਦੇ ਚੇਅਰਮੈਨ ਅਤੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਨੀਂਹ ਪੱਥਰ ਰੱਖਿਆ ਗਿਆ ਸੀ | ਉਸ ਸਮੇਂ ਇਲਾਕਾ ਵਾਸੀਆਂ ਅਤੇ ਕਿਸਾਨਾਂ ਵਿਚ ਉਮੀਦ ਜਗੀ ਸੀ ਕਿ ਜਲਦੀ ਹੀ ਸੜਕ ਦਾ ਨਵੀਨੀਕਰਨ ਹੋਵੇਗਾ ਅਤੇ ਰਾਹਤ ਮਿਲੇਗੀ ਪਰ ਸੜਕ ਦੀ ਕਿਸਮਤ ਨਾ ਬਦਲੀ | ਹੁਣ ਹਕੀਕਤ ਇਹ ਹੈ ਕਿ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸੜਕ ਦੇ ਨਵੀਨੀਕਰਨ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ | ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਇਸ ਮਾਮਲੇ ਵਿਚ ਕੋਈ ਗੰਭੀਰਤਾ ਨਹੀਂ ਦਿਖਾਈ ਗਈ, ਜਿਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ਤੱਕ ਫ਼ਸਲ ਲੈ ਜਾਣ ਵੇਲੇ ਉਨ੍ਹਾਂ ਨੂੰ ਇਹੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਟੁੱਟੀਆਂ ਸੜਕਾਂ ਕਾਰਨ ਟਰਾਲੀਆਂ ਨੂੰ ਨੁਕਸਾਨ ਪਹੁੰਚਦਾ ਹੈ, ਖੇਤ ਵਿਚ ਕੰਬਾਈਨ ਚੱਲਦੇ ਸਮੇਂ ਅਨਾਜ ਮੰਡੀ ਤੱਕ ਲੈ ਜਾਣ ਲਈ ਔਖ ਆਉਂਦੀ ਹੈ | ਇਸ ਤੋਂ ਇਲਾਵਾ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਸਕੂਲੀ ਬੱਚਿਆਂ ਅਤੇ ਦਫ਼ਤਰੀ ਲੋਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ | ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਮੰਡੀ ਬੋਰਡ ਅਤੇ ਸੰਬੰਧਿਤ ਵਿਭਾਗ ਤੁਰੰਤ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਸੜਕ ਦੇ ਨਵੀਨੀਕਰਨ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕਾਨਵੋਕੇਸ਼ਨ 'ਚ ਹਾਸਿਲ ਕੀਤੀਆਂ ਡਿਗਰੀਆਂ ਅਗਲੀ ਖ਼ਬਰ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਘਾਟ, ਪੜ੍ਹਾਈ ਪ੍ਰਭਾਵਿਤ-ਧਰਮਜੀਤ ਢਿੱਲੋਂ, ਮਨੋਜ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।