08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਟੈਗੋਰ ਇੰਟਰਨੈਸ਼ਨਲ ਸਕੂਲ 'ਚ 'ਵਿਸ਼ਵ ਸਿਹਤ ਦਿਵਸ' ਮਨਾਇਆ

ਅਜੀਤ ਡੈਸਕ 11-04-2026
ਦੇਵੀਗੜ੍ਹ, 10 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਟੈਗੋਰ ਇੰਟਰਨੈਸ਼ਨਲ ਸਕੂਲ, ਅਕਬਰਪੁਰ ਅਫ਼ਗਾਨਾ ਨੇੜੇ ਦੇਵੀਗੜ੍ਹ ਵਿਖੇ 'ਵਿਸ਼ਵ ਸਿਹਤ ਦਿਵਸ' ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਪਰਿਸਰ ਵਿਚ ਕਰਵਾਏ ਇਸ ਵਿਸ਼ੇਸ਼ ਸਮਾਗਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਅਜੋਕੇ ਦੌਰ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਣ ਲਈ ਪ੍ਰੇਰਿਤ ਕਰਨਾ ਸੀ | ਦਿਨ ਦੀ ਸ਼ੁਰੂਆਤ ਸਕੂਲ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਸਕੂਲੀ ਬੱਚਿਆਂ ਵਲੋਂ ਗੈਰ-ਸਿਹਤਮੰਦ ਖਾਣੇ ਦੇ ਮਾਰੂ ਪ੍ਰਭਾਵਾਂ ਨੂੰ ਦਰਸਾਉਂਦਾ ਇਕ ਪ੍ਰਭਾਵਸ਼ਾਲੀ ਰੋਲ-ਪਲੇਅ ਪੇਸ਼ ਕੀਤਾ ਗਿਆ | ਇਸ ਨਾਟਕ ਰਾਹੀਂ ਵਿਦਿਆਰਥੀਆਂ ਨੇ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਜੰਕ ਫੂਡ ਅਤੇ ਕੋਲਡ ਡਰਿੰਕਸ ਸਾਡੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਰਹੇ ਹਨ | ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਬਾਜ਼ਾਰੀ ਖਾਣੇ ਦਾ ਤਿਆਗ ਕਰਕੇ ਘਰ ਦੀ ਬਣੀ ਪੌਸ਼ਟਿਕ ਖ਼ੁਰਾਕ ਅਤੇ ਹਰੀਆਂ ਸਬਜ਼ੀਆਂ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ | ਛੋਟੇ ਬੱਚਿਆਂ ਲਈ ਸਕੂਲ ਵਲੋਂ ਇਕ ਵਿਸ਼ੇਸ਼ ਯੋਗਾ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ | ਮਾਹਿਰਾਂ ਦੀ ਦੇਖ-ਰੇਖ ਹੇਠ ਬੱਚਿਆਂ ਨੇ ਯੋਗਾ ਦੇ ਵਿਭਿੰਨ ਆਸਣ ਕੀਤੇ | ਅਧਿਆਪਕਾਂ ਨੇ ਬੱਚਿਆਂ ਨੂੰ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਸਰੀਰਕ ਕਸਰਤ ਕਿਉਂ ਜ਼ਰੂਰੀ ਹੈ | ਯੋਗਾ ਰਾਹੀਂ ਬੱਚਿਆਂ ਨੂੰ ਇਕਾਗਰਤਾ ਵਧਾਉਣ ਅਤੇ ਮਾਨਸਿਕ ਤਣਾਅ ਤੋਂ ਮੁਕਤ ਰਹਿਣ ਦੇ ਗੁਰ ਸਿਖਾਏ ਗਏ | ਵਿਦਿਆਰਥੀਆਂ ਦੇ ਚਿਹਰਿਆਂ 'ਤੇ ਇਸ ਗਤੀਵਿਧੀ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਸਕੂਲ ਦੇ ਨਿਰਦੇਸ਼ਕ ਗੌਰਵ ਗੁਲ੍ਹਾਟੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤਮੰਦ ਜੀਵਨ ਹੀ ਇਕ ਖ਼ੁਸ਼ਹਾਲ ਅਤੇ ਸਫਲ ਜੀਵਨ ਦੀ ਅਸਲ ਨੀਂਹ ਹੈ | ਜੇਕਰ ਸਾਡਾ ਸਰੀਰ ਤੰਦਰੁਸਤ ਹੋਵੇਗਾ, ਤਾਂ ਹੀ ਸਾਡਾ ਦਿਮਾਗ਼ ਤੇਜ਼ੀ ਨਾਲ ਕੰਮ ਕਰੇਗਾ ਅਤੇ ਅਸੀਂ ਜੀਵਨ ਦੇ ਹਰ ਖੇਤਰ ਵਿਚ ਮੱਲ੍ਹਾਂ ਮਾਰ ਸਕਾਂਗੇ | ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿਚ ਬੱਚਿਆਂ ਦਾ ਮੋਬਾਈਲ ਅਤੇ ਜੰਕ ਫੂਡ ਵੱਲ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ | ਅਜਿਹੇ ਦਿਹਾੜੇ ਮਨਾਉਣ ਦਾ ਮਕਸਦ ਕੇਵਲ ਰਸਮ ਪੂਰੀ ਕਰਨਾ ਨਹੀਂ, ਸਗੋਂ ਬੱਚਿਆਂ ਦੀਆਂ ਰੋਜ਼ਾਨਾ ਦੀਆਂ ਆਦਤਾਂ ਵਿਚ ਉਸਾਰੂ ਤਬਦੀਲੀ ਲਿਆਉਣਾ ਹੈ | ਗੁਲ੍ਹਾਟੀ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣ | ਸਮਾਗਮ ਦੌਰਾਨ ਸਕੂਲ ਪ੍ਰਧਾਨ ਸ੍ਰੀਮਤੀ ਸਲੋਨੀ ਗੁਲ੍ਹਾਟੀ, ਮੈਨੇਜਰ ਸ੍ਰੀ ਸੁਸ਼ੀਲ ਮਿਸ਼ਰਾ ਅਤੇ ਪਿ੍ੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ | ਸਕੂਲ ਪ੍ਰਬੰਧਕਾਂ ਨੇ ਭਵਿੱਖ ਵਿਚ ਵੀ ਅਜਿਹੇ ਜਾਗਰੂਕਤਾ ਕੈਂਪ ਅਤੇ ਸਿਹਤ ਸੰਬੰਧੀ ਗਤੀਵਿਧੀਆਂ ਜਾਰੀ ਰੱਖਣ ਦਾ ਭਰੋਸਾ ਦਿੱਤਾ | ਅੰਤ ਵਿਚ ਸਾਰੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਆਪਣੀ ਸਿਹਤ ਦਾ ਖ਼ਿਆਲ ਰੱਖਣਗੇ ਅਤੇ ਰੋਜ਼ਾਨਾ ਕਸਰਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਗੇ | ਸਕੂਲ ਪ੍ਰਬੰਧਕਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਖਿਲਾਫ਼ ਬੋਲਣ ਦੀ ਅਕਾਲੀ ਦਲ ਪੁੱਨਰ ਸੁਰਜੀਤ ਦੇ ਆਗੂਆਂ ਨੇ ਕੀਤੀ ਨਿੰਦਾ ਅਗਲੀ ਖ਼ਬਰ ਪੀ. ਪੀ. ਐਸ. ਨਾਭਾ ਵਿਖੇ ਯੂ. ਪੀ. ਐਸ. ਸੀ. ਟÏਪਰ ਅਨੰਨਿਆ ਸ਼ਰਮਾ ਦਾ ਡਾਇਮੰਡ ਜੁਬਲੀ ਰੀਯੂਨੀਅਨ ਬੈਂਚ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।