08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬੀ 'ਵਰਸਿਟੀ ਵਿਖੇ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ, ਪੰਜਾਬ ਚੈਪਟਰ ਦੀ ਲੋਕ-ਪੱਖੀ ਸਿੱਖਿਆ ਨੀਤੀ ਸੰਬੰਧੀ ਮੀਟਿੰਗ

ਅਜੀਤ ਡੈਸਕ 11-04-2026
ਪਟਿਆਲਾ, 10 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਵਿਖੇ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ, ਪੰਜਾਬ ਚੈਪਟਰ ਦੀ ਸੂਬਾ ਪੱਧਰ ਦੀ ਮੀਟਿੰਗ ਕਰਵਾਈ ਗਈ | ਜਿਸ ਦਾ ਸੰਚਾਲਨ ਪ੍ਰੋ. ਅਮਿੰਦਰਪਾਲ ਸਿੰਘ ਸੂਬਾ ਸਕੱਤਰ ਨੇ ਕੀਤਾ | ਇਸ ਮੌਕੇ 'ਲੋਕ-ਪੱਖੀ ਸਿੱਖਿਆ ਨੀਤੀ 2026-ਰਾਸ਼ਟਰੀ ਸਿੱਖਿਆ ਨੀਤੀ 2020 ਦਾ ਇਕ ਬਦਲ' ਦੇ ਰੂਪ ਵਿਚ ਇਕ ਪ੍ਰਮਾਣਿਕ ਦਸਤਾਵੇਜ਼ ਤਿਆਰ ਹੋਣ ਤੋਂ ਬਾਅਦ ਸਾਡੇ ਅਗਲੇ ਕਾਰਜ ਕੀ ਬਣਦੇ ਹਨ-ਇਸ ਮੁੱਖ ਏਜੰਡੇ ਨੂੰ ਮੈਂਬਰਾਂ ਅੱਗੇ ਰੱਖਿਆ ਗਿਆ | ਜਨਰਲ ਸਕੱਤਰ, ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ ਪ੍ਰੋ. ਤਰੁਨ ਕਾਂਤੀ ਨਸਕਰ ਨੇ ਕਿਹਾ ਕਿ ਇਹ ਕਮੇਟੀ ਸਿੱਖਿਆ ਨੂੰ ਪਿਆਰ-ਮੁਹੱਬਤ ਕਰਨ ਵਾਲੇ ਲੋਕਾਂ ਦਾ ਮੰਚ ਹੈ ਜਿਹੜੇ ਵਿਗਿਆਨਕ, ਧਰਮ-ਨਿਰਪੇਖ, ਜਮਹੂਰੀ ਅਤੇ ਸਰਬ-ਵਿਆਪਕ ਸਿੱਖਿਆ ਢਾਂਚੇ ਨੂੰ ਲਿਆਉਣ ਲਈ ਜੂਝ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਇਹ ਮੰਚ ਰਾਸ਼ਟਰੀ ਸਿੱਖਿਆ ਨੀਤੀ-2020 ਖ਼ਿਲਾਫ਼ ਵੱਖ-ਵੱਖ ਢੰਗ ਨਾਲ ਰੋਸ ਪ੍ਰਗਟ ਕਰ ਰਿਹਾ ਹੈ | ਇਸ ਨੀਤੀ ਖ਼ਿਲਾਫ਼ ਪੰਜ ਸਾਲ ਤੋਂ ਚੱਲਦੇ ਘੋਲ ਵਿਚੋਂ ਹੀ ਆਵਾਜ਼ ਉੱਠੀ ਕਿ ਮਹਿਜ਼ ਆਲੋਚਨਾ ਕਰਨਾ ਕਾਫ਼ੀ ਨਹੀਂ, ਇਕ ਲੋਕ-ਪੱਖੀ ਸਿੱਖਿਆ ਨੀਤੀ ਦਾ ਹਥਿਆਰ ਵੀ ਸਾਡੇ ਹੱਥ ਵਿਚ ਹੋਣਾ ਚਾਹੀਦਾ ਹੈ | ਕਈ ਉੱਘੇ ਵਿਦਵਾਨਾਂ, ਸਿੱਖਿਆ ਸ਼ਾਸਤਰੀਆਂ ਅਤੇ ਸਿੱਖਿਆ ਨੂੰ ਪ੍ਰੇਮ ਕਰਨ ਵਾਲੇ ਲੋਕਾਂ ਨੇ ਘਾਲਣਾ ਘਾਲ ਕੇ ਲੋਕ-ਪੱਖੀ ਸਿੱਖਿਆ ਨੀਤੀ ਦਾ ਖਰੜਾ ਤਿਆਰ ਕੀਤਾ | ਉਨ੍ਹਾਂ ਕਿਹਾ ਕਿ ਲਗਭਗ 20 ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸਾਂ ਵਿਚ ਇਸ ਖਰੜੇ ਦੀਆਂ ਲੱਖਾਂ ਕਾਪੀਆਂ ਛਾਪ ਕੇ ਵੰਡੀਆਂ ਗਈਆਂ ਅਤੇ ਆਏ ਸੁਝਾਵਾਂ ਵਿਚੋਂ ਯੋਗ ਸੁਝਾਵਾਂ ਨੂੰ ਸ਼ਾਮਲ ਕਰ ਕੇ ਲੋਕ-ਪੱਖੀ ਸਿੱਖਿਆ ਨੀਤੀ 2026 ਹੋਂਦ ਵਿਚ ਆਈ | ਉੱਘੇ ਅਰਥਸ਼ਾਸਤਰੀ ਪ੍ਰੋ. ਰਣਜੀਤ ਸਿੰਘ ਘੁੰਮਣ, ਉੱਘੇ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਲੋਕ-ਪੱਖੀ ਸੰਗੀਤਕਾਰ ਪਿ੍ੰਸੀਪਲ ਰਾਮ ਕੁਮਾਰ, ਸਿੱਖਿਆ ਸ਼ਾਸਤਰੀ ਹਰਜੀਤ ਸਿੰਘ ਬਾਜਵਾ, ਕੇਂਦਰੀ ਸਿੰਘ ਸਭਾ ਦੇ ਆਗੂ ਡਾ. ਖ਼ੁਸ਼ਹਾਲ ਸਿੰਘ, ਪ੍ਰੋ. ਸ਼ਾਮ ਸਿੰਘ, ਕਿਸਾਨ ਆਗੂ ਬਲਰਾਜ ਜੋਸ਼ੀ, ਅਧਿਆਪਕ ਆਗੂ ਤਲਵਿੰਦਰ ਸਿੰਘ, ਹਰਿੰਦਰ ਸਿੰਘ ਅਤੇ ਰਵਿੰਦਰ ਸਿੰਘ, ਫ਼ਿਲਮੀ ਅਦਾਕਾਰ ਇਕਬਾਲ ਗੱਜਣ, ਸਮਾਜਿਕ ਕਾਰਜਕਰਤਾ ਰਾਮ ਸਿੰਘ ਅਤੇ ਵੇਦ ਪ੍ਰਕਾਸ਼ ਤਪਾ, ਅਮਨਦੀਪ ਸਿੰਘ, ਠਾਣਾ ਸਿੰਘ, ਪਾਰਸ ਦੀਪ, ਜਸਵਿੰਦਰ ਸਿੰਘ, ਐਡਵੋਕੇਟ ਸਿਬਾਸਿਸ ਪ੍ਰਾਹਾਰਾਜ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ | ਅਖੀਰ ਵਿਚ ਵੱਖ-ਵੱਖ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਪੱਧਰ 'ਤੇ ਸੈਮੀਨਾਰ ਕਰਨ ਅਤੇ ਵੱਖ-ਵੱਖ ਪੱਧਰਾਂ 'ਤੇ ਪ੍ਰਸ਼ਾਸਨ ਨੂੰ ਮਿਲ ਕੇ ਲੋਕ -ਪੱਖੀ ਸਿੱਖਿਆ ਨੀਤੀ 2026 ਅਪਣਾਉਣ ਲਈ ਵੱਡੀ ਗਿਣਤੀ ਵਿਚ ਡੈਪੂਟੇਸ਼ਨ ਭੇਜਣ ਦਾ ਫ਼ੈਸਲਾ ਕੀਤਾ ਗਿਆ |
ਪਿਛਲੀ ਖ਼ਬਰ ਪੀ. ਪੀ. ਐਸ. ਨਾਭਾ ਵਿਖੇ ਯੂ. ਪੀ. ਐਸ. ਸੀ. ਟÏਪਰ ਅਨੰਨਿਆ ਸ਼ਰਮਾ ਦਾ ਡਾਇਮੰਡ ਜੁਬਲੀ ਰੀਯੂਨੀਅਨ ਬੈਂਚ ਵਲੋਂ ਸਨਮਾਨ ਅਗਲੀ ਖ਼ਬਰ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਵਲੋਂ ਸੰਗਤਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।