06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਾਂਝੇ ਯਤਨਾਂ ਨਾਲ ਨਸ਼ੇ ਦੀ ਚੁਣੌਤੀ 'ਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਪੰਜਾਬ-ਡਾ. ਜਗਦੀਪ ਸਿੰਘ

ਅਜੀਤ ਡੈਸਕ 05-04-2026
ਪਟਿਆਲਾ, 4 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ 'ਜ਼ਿੰਦਗੀ ਜ਼ਿੰਦਾਬਾਦ ਮਿਸ਼ਨ' ਤਹਿਤ ਨਸਾ ਮੁਕਤ ਸਮਾਜ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚਲਾਏ ਜਾ ਰਹੇ 'ਜ਼ਿੰਦਗੀ ਜ਼ਿੰਦਾਬਾਦ ਮਿਸ਼ਨ' ਤਹਿਤ 'ਗਲੋਬਲ ਸਿੱਖਸ' ਸੰਸਥਾ ਵਲੋਂ ਉਲੀਕੀ ਗਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਇਹ ਸੈਮੀਨਾਰ ਕਰਵਾਇਆ ਗਿਆ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਨਸ਼ਾਖੋਰੀ ਇਕ ਗੁੰਝਲਦਾਰ ਸਮਾਜਿਕ, ਡਾਕਟਰੀ ਅਤੇ ਆਰਥਿਕ ਸਮੱਸਿਆ ਹੈ | ਉਨ੍ਹਾਂ ਅੰਤਰਰਾਸ਼ਟਰੀ ਪੱਧਰ 'ਤੇ ਨਸ਼ਿਆਂ ਦੀ ਤਸਕਰੀ ਪਿੱਛੇ ਕੰਮ ਕਰਦੇ ਗੱਠਜੋੜ ਬਾਰੇ ਵਿਸਥਾਰ ਵਿਚ ਗੱਲ ਕੀਤੀ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਐੱਸ.ਡੀ.ਐੱਮ. ਗੁਰਦੇਵ ਸਿੰਘ ਧਾਮ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਨੂੰ ਰੋਕਣਾ ਭਾਵੇਂ ਪੂਰੀ ਤਰ੍ਹਾਂ ਸਾਡੇ ਹੱਥ 'ਚ ਨਾ ਹੋਵੇ ਪਰ ਇਸ ਦੀ ਮੰਗ ਨੂੰ ਘਟਾਉਣਾ ਸਾਡੀ ਜ਼ਿੰਮੇਵਾਰੀ ਹੈ | ਉਨ੍ਹਾਂ ਨਸ਼ਾ ਪੀੜਤਾਂ ਪ੍ਰਤੀ ਨਫ਼ਰਤ ਨੂੰ ਖ਼ਤਮ ਕਰਨ ਅਤੇ ਅਜਿਹੇ ਮਾਮਲਿਆਂ ਦੀ ਨਿਡਰ ਹੋ ਕੇ ਰਿਪੋਰਟ ਕਰਨ ਦੀ ਅਪੀਲ ਕੀਤੀ | ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਦਮਨਜੀਤ ਸੰਧੂ ਨੇ ਨੌਜਵਾਨਾਂ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਦੀ ਲੋੜ 'ਤੇ ਜੋਰ ਦਿੰਦਿਆਂ ਕਿਹਾ ਕਿ ਜੇਕਰ ਸਮੱਸਿਆ ਨੌਜਵਾਨਾਂ ਵਿਚ ਹੈ ਤਾਂ ਇਸ ਦਾ ਹੱਲ ਵੀ ਉਨ੍ਹਾਂ ਰਾਹੀਂ ਹੀ ਨਿਕਲੇਗਾ | ਗਲੋਬਲ ਸਿੱਖਸ ਸੰਸਥਾ ਤੋਂ ਹਰਮੀਕ ਸਿੰਘ ਨੇ ਕਿਹਾ ਕਿ ਨਸ਼ਾ ਪੀੜਤ ਅਪਰਾਧੀ ਨਹੀਂ ਬਲਕਿ ਹਮਦਰਦੀ ਦੇ ਪਾਤਰ ਹੁੰਦੇ ਹਨ | 'ਜ਼ਿੰਦਗੀ ਜ਼ਿੰਦਾਬਾਦ ਮਿਸ਼ਨ' ਤੋਂ ਨਿਰਵੀਰ ਸਿੰਘ ਨੇ ਨੌਜਵਾਨਾਂ 'ਤੇ ਸਾਥੀਆਂ ਦੇ ਪ੍ਰਭਾਵ ਬਾਰੇ ਗੱਲ ਕੀਤੀ ਅਤੇ ਚੰਗੀ ਸੰਗਤ, ਕੌਂਸਲਿੰਗ ਅਤੇ ਕਰੀਅਰ ਗਾਈਡੈਂਸ ਦੀ ਮਹੱਤਤਾ 'ਤੇ ਜੋਰ ਦਿੱਤਾ | ਪਹਿਲੇ ਸੈਸ਼ਨ ਮੌਕੇ ਜ਼ਿਲ੍ਹਾ ਬਰਨਾਲਾ ਦੇ 200 ਤੋਂ ਵੱਧ ਸਕੂਲੀ ਤੇ ਕਾਲਜ ਵਿਦਿਆਰਥੀਆਂ ਸਮੇਤ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ | ਮਨੋਵਿਗਿਆਨ ਵਿਭਾਗ ਦੇ ਖੋਜਾਰਥੀਆਂ ਰਾਧਾ, ਵਿਕਰਮ, ਨਮਨਦੀਪ ਕੌਰ, ਸਾਹਿਬਜੀਤ ਕੌਰ ਅਤੇ ਅਵਲੀਨ ਕੌਰ ਵਲੋਂ ਨਸ਼ਿਆਂ ਨੂੰ 'ਨਾਂਹ' ਕਹਿਣ ਦੀ ਕਲਾ 'ਤੇ ਇਕ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ ਗਈ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਪਟਿਆਲਾ ਵਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਦਾਖ਼ਲਾ ਪ੍ਰੋਸਪੈਕਟਸ ਜਾਰੀ ਅਗਲੀ ਖ਼ਬਰ ਅੰਮਿ੍ਤਪਾਲ ਸਿੰਘ ਦੀ ਪਟੀਸ਼ਨ ਰੱਦ ਹੋਣਾ ਬਹੁਤ ਮੰਦਭਾਗਾ-ਹਲਕਾ ਇੰਚਾਰਜ ਨਿਸ਼ਾਨ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।