05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਰਕਾਰੀ ਹਸਪਤਾਲ ਦੁੱਧਨਸਾਧਾਂ ਖੁਦ 'ਬਿਮਾਰ', ਸਹੂਲਤਾਂ ਦੀ ਘਾਟ ਕਾਰਨ ਲੋਕ ਖ਼ੁਆਰ

ਅਜੀਤ ਡੈਸਕ 05-04-2026
ਦੇਵੀਗੜ੍ਹ 4 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਸੂਬਾ ਸਰਕਾਰ ਵਲੋਂ ਸਿਹਤ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੇਵੀਗੜ੍ਹ ਇਲਾਕੇ ਦੇ ਅਹਿਮ ਸਰਕਾਰੀ ਹਸਪਤਾਲ ਦੁੱਧਨ ਸਾਧਾਂ ਦੀ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਨੂੰ ਗ੍ਰਹਿਣ ਲਗਾ ਰਹੀ ਹੈ | 30 ਬਿਸਤਰਿਆਂ ਦੀ ਸਮਰੱਥਾ ਵਾਲਾ ਇਹ ਹਸਪਤਾਲ ਅੱਜ-ਕੱਲ੍ਹ ਖੁਦ ਹੀ 'ਵੈਂਟੀਲੇਟਰ' 'ਤੇ ਜਾਪਦਾ ਹੈ | ਇਲਾਕੇ ਦਾ ਇੱਕੋ-ਇੱਕ ਵੱਡਾ ਸਰਕਾਰੀ ਕੇਂਦਰ ਹੋਣ ਦੇ ਬਾਵਜੂਦ ਇੱਥੇ ਮਾਹਿਰ ਡਾਕਟਰਾਂ ਦੀ ਘਾਟ ਅਤੇ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਕਾਰਨ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੂਤਰਾਂ ਅਨੁਸਾਰ ਇਸ ਹਸਪਤਾਲ ਵਿਚ ਸਪੈਸ਼ਲਿਸਟ ਡਾਕਟਰਾਂ ਦੀਆਂ ਕੁੱਲ ਚਾਰ ਅਸਾਮੀਆਂ ਮਨਜ਼ੂਰਸ਼ੁਦਾ ਹਨ, ਜਿਨ੍ਹਾਂ ਵਿਚੋਂ ਕੇਵਲ ਇੱਕ ਬੱਚਿਆਂ ਦੇ ਮਾਹਿਰ ਡਾਕਟਰ ਦੀ ਆਸਾਮੀ ਭਰੀ ਹੋਈ ਹੈ | ਬਾਕੀ ਤਿੰਨ ਅਹਿਮ ਆਸਾਮੀਆਂ ਖਾਲੀ ਪਈਆਂ ਹਨ | ਸਭ ਤੋਂ ਵੱਡੀ ਸਮੱਸਿਆ ਜ਼ਨਾਨਾ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਹੈ | ਮਾਹਿਰ ਡਾਕਟਰ ਨਾ ਹੋਣ ਕਾਰਨ ਇਲਾਕੇ ਦੀਆਂ ਗਰਭਵਤੀ ਮਹਿਲਾਵਾਂ ਨੂੰ ਜਣੇਪੇ ਅਤੇ ਹੋਰ ਇਲਾਜ ਲਈ ਨਿੱਜੀ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਾਂ ਫਿਰ ਪਟਿਆਲਾ ਵਰਗੇ ਦੂਰ-ਦੁਰਾਡੇ ਸ਼ਹਿਰਾਂ ਵੱਲ ਭੱਜਣਾ ਪੈਂਦਾ ਹੈ | ਹਾਲਾਂਕਿ ਐਮ.ਬੀ.ਬੀ.ਐੱਸ. ਡਾਕਟਰਾਂ ਦੀਆਂ ਅਸਾਮੀਆਂ ਭਰੀਆਂ ਹੋਈਆਂ ਹਨ, ਪਰ ਉਨ੍ਹਾਂ ਵਿਚੋਂ ਵੀ ਇੱਕ ਡਾਕਟਰ ਦੀ ਡਿਊਟੀ ਜੇਲ੍ਹ ਵਿਚ ਲੱਗੀ ਹੋਣ ਕਾਰਨ ਮਰੀਜ਼ਾਂ ਦੀ ਦੇਖਭਾਲ ਪ੍ਰਭਾਵਿਤ ਹੋ ਰਹੀ ਹੈ, ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਹੈ |ਹਸਪਤਾਲ ਦੇ ਪ੍ਰਬੰਧਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਕਰੋੜਾਂ ਰੁਪਏ ਦੀ ਐਕਸਰੇ ਮਸ਼ੀਨ ਸਟਾਫ਼ ਦੀ ਘਾਟ ਕਾਰਨ 'ਕਬਾੜ' ਬਣਨ ਕਿਨਾਰੇ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਹਸਪਤਾਲ ਵਿਚ ਇਕ ਐਕਸਰੇ ਮਸ਼ੀਨ ਚਾਲੂ ਕਰਵਾਈ ਗਈ ਸੀ, ਪਰ ਰੈਡੀਓਗ੍ਰਾਫਰ ਨਾ ਹੋਣ ਕਰਕੇ ਇਹ ਮਸ਼ੀਨ ਲਗਭਗ ਬੰਦ ਪਈ ਹੈ | ਇਸੇ ਤਰ੍ਹਾਂ, ਹਸਪਤਾਲ ਵਿੱਚ ਅਲਟਰਾਸਾਊਾਡ ਦੀ ਸਹੂਲਤ ਬਿਲਕੁਲ ਵੀ ਨਹੀਂ ਹੈ | ਗਰੀਬ ਮਰੀਜ਼ਾਂ ਨੂੰ ਨਿੱਜੀ ਸੈਂਟਰਾਂ ਤੋਂ ਮਹਿੰਗੇ ਭਾਅ ਅਲਟਰਾਸਾਊਾਡ ਕਰਵਾਉਣੇ ਪੈਂਦੇ ਹਨ, ਜਿਸ ਨਾਲ ਨਾ ਸਿਰਫ਼ ਉਨ੍ਹਾਂ ਦੇ ਪੈਸੇ ਦੀ ਬਰਬਾਦੀ ਹੁੰਦੀ ਹੈ, ਸਗੋਂ ਸਮਾਂ ਵੀ ਬਰਬਾਦ ਹੁੰਦਾ ਹੈ |
ਹਸਪਤਾਲ ਦੀ ਇਮਾਰਤ ਦੀ ਸਫ਼ਾਈ ਲਈ ਸਿਰਫ਼ ਦੋ ਆਊਟਸੋਰਸ ਸਫ਼ਾਈ ਸੇਵਕ ਤਾਇਨਾਤ ਹਨ | ਨਿਯਮਾਂ ਮੁਤਾਬਕ ਹਸਪਤਾਲ ਵਿਚ ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਸਫ਼ਾਈ ਹੋਣੀ ਲਾਜ਼ਮੀ ਹੈ, ਪਰ ਸਟਾਫ਼ ਦੀ ਕਮੀ ਕਾਰਨ ਸਫ਼ਾਈ ਪੱਖੋਂ ਹਾਲਤ ਪਤਲੀ ਹੈ | ਇਸ ਤੋਂ ਵੀ ਵੱਡੀ ਮੁਸੀਬਤ ਹਸਪਤਾਲ ਦੇ ਬਿਲਕੁਲ ਸਾਹਮਣੇ ਲੰਘਦਾ 'ਗੰਦਾ ਨਾਲਾ' ਹੈ | ਇਹ ਨਾਲਾ ਬਿਮਾਰੀਆਂ ਦਾ ਕੇਂਦਰ ਬਣਿਆ ਹੋਇਆ ਹੈ | ਹੈਰਾਨੀ ਦੀ ਗੱਲ ਹੈ ਕਿ ਸਿਹਤ ਸਹੂਲਤਾਂ ਦੇਣ ਵਾਲੇ ਹਸਪਤਾਲ ਦੇ ਮੂਹਰੇ ਹੀ ਬਿਮਾਰੀਆਂ ਦਾ ਢੇਰ ਹੈ |
ਸਥਾਨਕ ਲੋਕਾਂ ਅਨੁਸਾਰ ਹਲਕਾ ਵਿਧਾਇਕ ਨੇ ਇਸ ਨਾਲੇ ਨੂੰ ਭਰਵਾਉਣ ਦਾ ਭਰੋਸਾ ਦਿੱਤਾ ਸੀ, ਪਰ 'ਪਰਨਾਲਾ ਉੱਥੇ ਦਾ ਉੱਥੇ ਹੀ' ਹੈ | ਇੱਕ ਦਿਲਚਸਪ ਅਤੇ ਦੁਖਦਾਈ ਕਿੱਸਾ ਇਹ ਹੈ ਕਿ ਬੀਤੇ ਦਿਨੀਂ ਜਦੋਂ ਮੁੱਖ ਮੰਤਰੀ ਪੰਜਾਬ ਨੇ ਦੇਵੀਗੜ੍ਹ ਇਲਾਕੇ ਦਾ ਦੌਰਾ ਕਰਨਾ ਸੀ, ਤਾਂ ਪ੍ਰਸ਼ਾਸਨ ਨੇ ਇਸ ਗੰਦੇ ਨਾਲੇ ਨੂੰ ਲੁਕਾਉਣ ਲਈ ਟੈਂਟ ਲਗਾ ਕੇ ਢਕ ਦਿੱਤਾ ਸੀ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਗੰਦਗੀ ਨੂੰ ਢਕਣ ਦੀ ਬਜਾਏ ਹਸਪਤਾਲ ਦੀਆਂ ਸਹੂਲਤਾਂ ਸੁਧਾਰਨ 'ਤੇ ਜ਼ੋਰ ਦਿੰਦੀ ਤਾਂ ਸ਼ਾਇਦ ਅੱਜ ਲੋਕਾਂ ਨੂੰ ਸੁਖ ਦਾ ਸਾਹ ਆਉਂਦਾ | ਇਲਾਕੇ ਦੇ ਮੋਹਤਬਰਾਂ ਅਤੇ ਆਮ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਪਛੜੇ ਇਲਾਕੇ ਦੇ ਇਕੋ-ਇਕ ਹਸਪਤਾਲ ਵਿਚ ਤੁਰੰਤ ਸਪੈਸ਼ਲਿਸਟ ਡਾਕਟਰ, ਖਾਸ ਕਰਕੇ ਇਸਤਰੀ ਰੋਗਾਂ ਦੇ ਮਾਹਿਰ ਤਾਇਨਾਤ ਕੀਤੇ ਜਾਣ | ਇਸ ਦੇ ਨਾਲ ਹੀ ਅਲਟਰਾਸਾਊਾਡ ਸਹੂਲਤ ਸ਼ੁਰੂ ਕਰਨ ਅਤੇ ਗੰਦੇ ਨਾਲੇ ਦਾ ਪੱਕਾ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਦਾ ਅਸਲ ਲਾਭ ਮਿਲ ਸਕੇ |
ਪਿਛਲੀ ਖ਼ਬਰ ਨੈਸ਼ਨਲ ਹਾਈਵੇਅ ਅਥਾਰਟੀ ਨੇ ਰਾਹਗੀਰਾਂ ਨੂੰ ਦਿੱਤਾ ਝਟਕਾ, ਟੋਲ ਕੀਮਤਾਂ ਵਿਚ ਹੋਇਆ ਵਾਧਾ <br/> ਅਗਲੀ ਖ਼ਬਰ ਸਾਰੇ ਪੰਜਾਬ ਵਾਸੀ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਲੈਣ ਲਈ ਆਪਣੇ ਸਿਹਤ ਕਾਰਡ ਲਾਜ਼ਮੀ ਬਣਵਾਉਣ-ਡਾ. ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।