07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਰਸਿੰਗ ਸਟਾਫ਼ ਵਲੋਂ ਕੀਤਾ ਪ੍ਰਤੀਕਾਤਮਿਕ ਪ੍ਰਦਰਸ਼ਨ

ਅਜੀਤ ਡੈਸਕ 04-04-2026
ਪਟਿਆਲਾ, 3 ਅਪ੍ਰੈਲ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਤਿੰਨਾਂ ਸਰਕਾਰੀ ਮੈਡੀਕਲ ਕਾਲਜਾਂ ਦੇ ਨਰਸਿੰਗ ਸਟਾਫ਼ ਵਲੋਂ ਚੱਲ ਰਹੀ ਹੜਤਾਲ ਅੱਜ ਅੱਠਵੇਂ ਦਿਨ 'ਚ ਪ੍ਰਵੇਸ਼ ਕਰ ਗਈ | ਇਸ ਮੌਕੇ ਸਮੂਹ ਨਰਸਿੰਗ ਸਟਾਫ਼ ਵਲੋਂ ਇਕ ਪ੍ਰਤੀਕਾਤਮਿਕ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ''ਮੱਝ ਦੇ ਅੱਗੇ ਬੀਨ ਵਜਾਉਣ'' ਰਾਹੀਂ ਪੰਜਾਬ ਸਰਕਾਰ ਨੂੰ ਤਿੱਖਾ ਸੰਦੇਸ਼ ਦਿੱਤਾ ਗਿਆ | ਨਰਸਿੰਗ ਸਟਾਫ਼ ਨੇ ਕਿਹਾ ਕਿ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਚੱਲ ਰਹੀਆਂ ਜਾਇਜ਼ ਮੰਗਾਂ ਅਤੇ ਮੁੱਦਿਆਂ ਨੂੰ ਸਰਕਾਰ ਵਲੋਂ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ | ਪਿਛਲੇ 56 ਸਾਲਾਂ ਤੋਂ ਮੀਟਿੰਗਾਂ ਉੱਤੇ ਮੀਟਿੰਗਾਂ ਹੋ ਰਹੀਆਂ ਹਨ, ਪਰ ਅਜੇ ਤੱਕ ਕੋਈ ਢੁਕਵਾਂ ਨਤੀਜਾ ਸਾਹਮਣੇ ਨਹੀਂ ਆਇਆ | ਇਸ ਪ੍ਰਤੀਕਾਤਮਿਕ ਪ੍ਰਦਰਸ਼ਨ ਦਾ ਮਕਸਦ ਇਹ ਦਰਸਾਉਣਾ ਸੀ ਕਿ ਜਿਵੇਂ ''ਮੱਝ ਦੇ ਅੱਗੇ ਬੀਨ ਵਜਾਉਣ ਦਾ ਕੋਈ ਅਸਰ ਨਹੀਂ ਹੁੰਦਾ'', ਉਸੇ ਤਰ੍ਹਾਂ ਸਰਕਾਰ ਨਰਸਿੰਗ ਸਟਾਫ਼ ਦੇ ਮਸਲਿਆਂ ਨੂੰ ਸੁਣਨ ਅਤੇ ਸਮਝਣ ਵਿਚ ਅਸਫਲ ਰਹੀ ਹੈ | ਨਰਸਿੰਗ ਸਟਾਫ਼ ਨੇ ਸਵਾਲ ਕੀਤਾ ਕਿ ਆਿਖ਼ਰਕਾਰ ਸਰਕਾਰ ਉਨ੍ਹਾਂ ਦੀ ਆਵਾਜ਼ ਕਦੋਂ ਸੁਣੇਗੀ? ਕੀ ਜਾਇਜ਼ ਮੰਗਾਂ ਨੂੰ ਇਸੇ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਰਹੇਗਾ? ਅਜੇ ਤੱਕ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਿਹਤ ਵਿਭਾਗ ਦੇ ਕਿਸੇ ਅਧਿਕਾਰੀ ਵਲੋਂ ਯੂਨਾਈਟਿਡ ਨਰਸਿਜ ਐਸੋਸੀਏਸ਼ਨ ਆਫ਼ ਪੰਜਾਬ ਨਾਲ ਸੰਪਰਕ ਕਰਨ ਦੀ ਕੋਈ ਗੰਭੀਰ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸਰਕਾਰ ਆਪਣੇ ਅੜੀਅਲ ਰਵੱਈਏ 'ਤੇ ਕਾਇਮ ਹੈ | ਦਸਣਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਨਰਸਿੰਗ ਕੇਡਰ ਵਲੋਂ ਥਾਲ਼ੀਆਂ ਵਜਾ ਕੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਦਾ ਵੀ ਕੋਈ ਅਸਰ ਨਹੀਂ ਹੋਇਆ | ਇਸ ਪ੍ਰਦਰਸ਼ਨ ਰਾਹੀਂ ਸਰਕਾਰ ਨੂੰ ਸਪਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਨਰਸਿੰਗ ਸਟਾਫ਼ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਜਲਦੀ ਹੱਲ ਕੱਢਿਆ ਜਾਵੇ, ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ) ਦੇ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਨਰਸਿੰਗ ਸਟਾਫ਼ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਉਹ ਆਪਣੀਆਂ ਜਾਇਜ਼ ਮੰਗਾਂ 'ਤੇ ਡਟੇ ਰਹਿਣ | ਉਨ੍ਹਾਂ ਭਰੋਸਾ ਦਿੱਤਾ ਕਿ ਜੇ ਕੋਈ ਵੀ ਲੋੜ ਪੈਂਦੀ ਹੈ ਤਾਂ ਕਿਸਾਨ ਯੂਨੀਅਨ ਨਰਸਿੰਗ ਸਟਾਫ਼ ਦੇ ਨਾਲ ਖੜ੍ਹੀ ਰਹੇਗੀ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਨੇ ਵੀ ਧਰਨੇ ਵਿਚ ਸ਼ਿਰਕਤ ਕਰਕੇ ਹੜਤਾਲੀ ਨਰਸਿੰਗ ਸਟਾਫ ਦੀ ਹੌਸਲਾ ਅਫਜਾਈ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਨਗਰ ਪੰਚਾਇਤ ਦੇਵੀਗੜ੍ਹ ਵਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਆਮ ਲੋਕਾਂ 'ਚ ਗ਼ੁੱਸੇ ਦੀ ਲਹਿਰ ਅਗਲੀ ਖ਼ਬਰ ਫ਼ਸਲਾਂ ਦੀ ਰਹਿੰਦ-ਖੂੰਹਦ ਸੰਭਾਲ ਲਈ ਮਸ਼ੀਨਾਂ 'ਤੇ ਸਬਸਿਡੀ ਦੀ ਪ੍ਰਕਿਰਿਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।