ਪਾਤੜਾਂ, 26 ਮਾਰਚ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਵਿਚ ਉਚੇਰੀ ਵਿੱਦਿਆ ਪ੍ਰਦਾਨ ਕਰ ਰਹੇ ਯੂਨੀਵਰਸਲ ਕਾਲਜ ਪਾਤੜਾਂ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਤੋਂ ਉਪਰੰਤ ਸਜੇ ਦੀਵਾਨਾਂ 'ਚ ਬਾਬਾ ਬਲਕਾਰ ਸਿੰਘ ਰੱਖੜੇ ਵਾਲਿਆਂ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਇਸ ਦੌਰਾਨ 'ਲਾਈਫ਼ ਕੇਅਰ ਫਾਉਡੇਸ਼ਨ' ਵਲੋਂ ਸਮਾਗਮ ਵਿਚ ਸ਼ਾਮਿਲ ਸੰਗਤਾਂ ਦੇ ਵੱਖ-ਵੱਖ ਬਿਮਾਰੀਆਂ ਦੇ ਮੁਫ਼ਤ ਟੈੱਸਟ ਕੀਤੇ ਗਏ | ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਲ ਕਾਲਜ ਪ੍ਰੋਫੈਸਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵੀ ਯੂਨੀਵਰਸਲ ਕਾਲਜ ਵਿਚ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਗਿਆ ਜਿਸ ਦੇ ਭੋਗਾਂ ਉਪਰੰਤ ਸਜੇ ਦੀਵਾਨਾਂ ਵਿਚ ਕਾਲਜ ਦਾ ਮਾਹੌਲ ਪੂਰੀ ਤਰ੍ਹਾਂ ਰੂਹਾਨੀ ਰੰਗ ਵਿਚ ਰੰਗਿਆ ਹੋਇਆ ਦਿਖਾਈ ਦਿੱਤਾ | ਇਸ ਸਮਾਗਮ ਦੌਰਾਨ ਬਾਬਾ ਬਲਕਾਰ ਸਿੰਘ (ਰਖੜੇ ਵਾਲੇ) ਨੇ ਰਸਭਿੰਨਾ ਕੀਰਤਨ ਕਰਕੇ ਹਾਜ਼ਰੀਨ ਸੰਗਤ ਨੂੰ ਨਿਹਾਲ ਕੀਤਾ ਗਿਆ | ਕਾਲਜ ਦੇ ਐਨ.ਸੀ.ਸੀ. ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ | ਜਿਸ ਵਿਚ 5 ਪੰਜਾਬ ਬਟਾਲੀਅਨ ਐਨ.ਸੀ.ਸੀ. ਪੀ.ਆਈ. ਸਟਾਫ਼ ਵਲੋਂ ਵੀ ਸ਼ਿਰਕਤ ਕੀਤੀ ਗਈ | ਸਮਾਗਮ ਦੌਰਾਨ ਕਾਲਜ ਦੇ ਚੇਅਰਮੈਨ ਬਲਜੀਤ ਸਿੰਘ, ਕਾਲਜ ਦੇ ਵਾਈਸ ਚੇਅਰਮੈਨ ਵੀਰਇੰਦਰ ਸਿੰਘ ਧਾਲੀਵਾਲ ਅਤੇ ਸੈਕਟਰੀ ਪਰਮਿੰਦਰ ਸਿੰਘ ਘੱਗਾ ਵਲੋਂ ਮਨੁੱਖਤਾ ਦੀ ਭਲਾਈ ਨੂੰ ਧਿਆਨ ਵਿਚ ਰੱਖਦਿਆਂ ਲਾਈਫ਼ ਕੇਅਰ ਫਾਊਾਡੇਸ਼ਨ, ਡੇਰਾਬਸੀ (ਮੋਹਾਲੀ) ਵਲੋਂ ਲਾਏ ਗਏ ਕੈਂਪ ਵਿਚ ਗੁਰਦਿਆਂ ਦੇ 5 ਟੈੱਸਟ, ਯੂਰਿਕ ਐਸਿਡ ਦਾ ਟੈੱਸਟ ਅਤੇ ਸ਼ੂਗਰ ਦੇ ਟੈੱਸਟ ਬਿਲਕੁਲ ਮੁਫ਼ਤ ਕੀਤੇ ਗਏ | ਇਸ ਮੌਕੇ ਲਾਈਫ਼ ਕੇਅਰ ਫਾਊਾਡੇਸ਼ਨ, ਡੇਰਾਬਸੀ ਦੇ ਮੈਨੇਜਰ ਐਡਵੋਕੇਟ ਡਾ. ਜਤਿੰਦਰਪਾਲ ਸਿੰਘ ਬਾਠ ਨੇ ਦੱਸਿਆ ਕਿ ਇਸ ਕੈਂਪ ਦੌਰਾਨ 80 ਮਰੀਜ਼ਾਂ ਦੇ ਟੈੱਸਟ ਕੀਤੇ ਗਏ | ਡਾ. ਬਾਠ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਲੈਬੋਰੇਟਰੀ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ, ਪਾਤੜਾਂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਟੋਹਾਣਾ ਵਿਖੇ ਰੋਜ਼ਾਨਾ ਸਵੇਰੇ 7 ਵਜੇ ਤੋਂ 12 ਵਜੇ ਤੱਕ ਖੁੱਲ੍ਹਦੀ ਹੈ | ਜਿਸ ਵਿਚ ਮਨੁੱਖਤਾ ਦੀ ਸੇਵਾ ਲਈ ਬਿਨਾਂ ਕਿਸੇ ਮੁਨਾਫ਼ੇ ਤੋਂ, ਬਾਜ਼ਾਰ ਨਾਲੋਂ ਤਿੰਨ ਗੁਣਾ ਘੱਟ ਰੇਟ 'ਤੇ, ਵਿਸ਼ਵ ਪੱਧਰ ਦੀਆਂ ਮਸ਼ੀਨਾਂ ਨਾਲ ਡਾਕਟਰਾਂ ਦੀ ਦੇਖ-ਰੇਖ ਵਿਚ ਟੈੱਸਟ ਕੀਤੇ ਜਾਂਦੇ ਹਨ | ਇਸ ਲੈਬ ਦੀਆਂ ਰਿਪੋਰਟਾਂ ਪੀਜੀਆਈ ਚੰਡੀਗੜ੍ਹ, ਡੀ.ਐੱਮ.ਸੀ. ਲੁਧਿਆਣਾ, ਏਮਜ਼ ਬਠਿੰਡਾ ਅਤੇ ਹਰ ਵੱਡੇ ਵੱਡੇ ਅਦਾਰਿਆਂ ਵਿਚ ਪ੍ਰਵਾਨ ਕੀਤੀਆਂ ਜਾਂਦੀਆਂ ਹਨ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਅਵਤਾਰ ਸਿੰਘ ਬੈਨੀਪਾਲ ਦੀ ਅਗਵਾਈ ਵਿਚ ਡਾ. ਜਤਿੰਦਰਪਾਲ ਸਿੰਘ ਬਾਠ, ਭੁਪਿੰਦਰ ਸਿੰਘ ਹਰੀਗੜ੍ਹ, ਗਗਨਦੀਪ ਸਿੰਘ ਬਖਸ਼ੀਵਾਲਾ, ਗੁਰਸ਼ਰਨ ਸਿੰਘ ਇੰਚਾਰਜ ਵਲੋਂ ਇਸ ਕੈਂਪ ਨੂੰ ਸਫਲ ਕਰਨ ਵਿਚ ਆਪਣਾ ਯੋਗਦਾਨ ਪਾਇਆ ਗਿਆ | ਇਸ ਮੌਕੇ 'ਤੇ ਕਾਲਜ ਦੇ ਡਾਇਰੈਕਟਰ ਡਾ. ਅਮਰੀਸ਼ ਧਵਨ ਅਤੇ ਕਾਲਜ ਦੇ ਪਿ੍ੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਟਾਫ਼ ਅਤੇ ਵਿਦਿਆਰਥੀਆਂ ਦੇ ਭਰਪੂਰ ਸਹਿਯੋਗ ਨੇ ਇਸ ਸਮਾਗਮ ਨੂੰ ਸਫਲ ਬਣਾਇਆ ਹੈ |