ਪਟਿਆਲਾ, 26 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਪੂਟਾ ਦੇ ਨਵੇਂ ਚੁਣੇ ਪ੍ਰਧਾਨ ਪ੍ਰੋ. ਨਿਸ਼ਾਨ ਸਿੰਘ ਦਿਉਲ ਨੇ ਪੈੱ੍ਰਸ ਦੇ ਨਾਂ ਜਾਰੀ ਪਲੇਠੇ ਬਿਆਨ ਵਿਚ ਪੰਜਾਬ ਸਰਕਾਰ ਤੋਂ ਯੂਨੀਵਰਸਿਟੀ ਦਾ ਲਗਭਗ 150 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਖ਼ਿੱਤੇ ਦੇ ਪੇਂਡੂ ਅਤੇ ਆਰਥਿਕ ਪੱਖੋਂ ਕਮਜ਼ੋਰ ਤਬਕੇ ਦੇ ਵਿਦਿਆਰਥੀਆਂ ਨੂੰ ਉੱਤਮ ਦਰਜੇ ਦੀ ਉੱਚ ਸਿੱਖਿਆ ਪ੍ਰਦਾਨ ਕਰਨ ਦਾ ਕੰਮ ਲਗਾਤਾਰ ਕਰ ਰਹੀ ਹੈ, ਇਸ ਤੋਂ ਇਲਾਵਾ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ | ਯੂਨੀਵਰਸਿਟੀ ਵਲੋਂ ਪੇਂਡੂ ਅਤੇ ਕਮਜ਼ੋਰ ਤਬਕੇ ਦੇ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਇਸ ਦਾ ਕਰਜ਼ਾ ਮੁਕਤ ਹੋਣਾ ਬਹੁਤ ਜ਼ਰੂਰੀ ਹੈ | ਪ੍ਰੋ. ਦਿਉਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀ ਯੂਨੀਵਰਸਿਟੀ ਦੀ ਆਪਣੀ ਪਹਿਲੀ ਫੇਰੀ ਦੌਰਾਨ ਵਿੱਦਿਆ ਦੇ ਕਰਜ਼ਾਈ ਹੋਣ 'ਤੇ ਅਫ਼ਸੋਸ ਜ਼ਾਹਿਰ ਕੀਤਾ ਸੀ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ | ਪ੍ਰੋ. ਦਿਉਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਮੁੱਖ ਮੰਤਰੀ ਜਲਦ ਹੀ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਲਈ ਜ਼ਰੂਰੀ ਕਰਵਾਈ ਕਰਨਗੇ | ਪੂਟਾ ਦੇ ਨਵੇਂ ਚੁਣੇ ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਕਿਹਾ ਕਿ ਪੂਟਾ ਦੀ ਨਵੀਂ ਚੁਣੀ ਟੀਮ ਅਧਿਆਪਕਾਂ ਦੀ ਤਰੱਕੀ ਅਤੇ ਵਧੀ ਹੋਈ ਤਨਖ਼ਾਹ ਤੇ ਹੋਰ ਭੱਤਿਆਂ ਨਾਲ ਸੰਬੰਧਿਤ ਬਕਾਏ ਦੀ ਅਦਾਇਗੀ ਦੀ ਮੰਗ ਦਾ ਮਸਲਾ ਪਹਿਲ ਦੇ ਆਧਾਰ 'ਤੇ ਵਿਚਾਰਿਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਅਧਿਆਪਕਾਂ ਦੀ ਤਰੱਕੀ ਦੇ ਕੇਸਾਂ ਨੂੰ ਯੂਜੀਸੀ ਵਲੋਂ ਨਿਰਧਾਰਿਤ 2016/2018 ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਹੀ ਵਿਚਾਰਿਆ ਜਾਣਾ ਬਣਦਾ ਹੈ | ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਤਰੱਕੀ ਦੇ ਇਨ੍ਹਾਂ ਕੇਸਾਂ ਦਾ ਯੂ.ਜੀ.ਸੀ. ਵਲੋਂ ਤੈਅ ਕੀਤੇ ਨਿਯਮਾਂ ਤੋਂ ਬਾਹਰ ਜਾ ਕੇ ਵਿਚਾਰਨ ਦਾ ਪੂਟਾ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ | ਪੂਟਾ ਕਾਰਜਕਾਰਨੀ ਦੇ ਨਵੇਂ ਚੁਣੇ ਮੈਂਬਰ ਪ੍ਰੋ. ਜਗਤਾਰ ਸਿੰਘ, ਪ੍ਰੋ. ਰਕੇਸ਼ ਕੁਮਾਰ, ਡਾ. ਗੌਰਵ ਗੁਪਤਾ ਅਤੇ ਡਾ. ਚਰਨਜੀਤ ਸਿੰਘ ਨੇ ਵੀ ਅਧਿਆਪਕਾਂ ਦੇ ਹੱਕ ਅਤੇ ਮੰਗਾਂ ਲਈ ਡਟ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ |