19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਘਨੌਰ ਇਲਾਕੇ ਦੇ ਪਿੰਡਾਂ ਲਈ ਖੁਸ਼ਖਬਰੀ : ਅਪ੍ਰੈਲ ਮਹੀਨੇ 'ਚ ਸ਼ੁਰੂ ਹੋਵੇਗੀ ਅੰਬਾਲਾ ਕੈਂਟ-ਚੰਡੀਗੜ੍ਹ (ਸੈਕਟਰ-17) ਬੱਸ ਸੇਵਾ

ਅਜੀਤ ਡੈਸਕ 27-03-2026
ਘਨੌਰ, 26 ਮਾਰਚ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਨੂੰ ਚੰਡੀਗੜ੍ਹ ਅਤੇ ਅੰਬਾਲਾ ਕੈਂਟ ਆਉਣ-ਜਾਣ ਵਿਚ ਹੋ ਰਹੀ ਵੱਡੀ ਦਿੱਕਤ ਜਲਦ ਹੱਲ ਹੋਣ ਜਾ ਰਹੀ ਹੈ | ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੇ ਵਿਸ਼ੇਸ਼ ਯਤਨਾਂ ਸਦਕਾ, ਅਗਲੇ ਮਹੀਨੇ ਅਪ੍ਰੈਲ ਵਿਚ ਹਰਿਆਣਾ ਰੋਡਵੇਜ਼ ਦੀ ਬੱਸ ਸੇਵਾ ਇਸ ਰੂਟ 'ਤੇ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਅਤੇ ਮੋਹਤਬਰ ਵਿਅਕਤੀਆਂ ਨੇ ਇੱਕ ਵੱਡਾ ਇਕੱਠ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਸੀ | ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਤੁਰੰਤ ਇਸ ਮਾਮਲੇ ਦਾ ਸੰਗਿਆਨ ਲਿਆ ਅਤੇ ਹਰਿਆਣਾ ਦੇ ਸਾਬਕਾ ਟ੍ਰਾਂਸਪੋਰਟ ਮੰਤਰੀ ਅਸੀਮ ਗੋਇਲ ਨਾਲ ਸੰਪਰਕ ਸਾਧਿਆ | ਵਿਕਾਸ ਸ਼ਰਮਾ ਨੇ ਕਿਹਾ, 'ਮੈਂ ਇਲਾਕੇ ਦੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਅਤੇ ਮਹਿਲਾਵਾਂ ਦੀਆਂ ਮੁਸ਼ਕਲਾਂ ਨੂੰ ਹਰਿਆਣਾ ਸਰਕਾਰ ਦੇ ਸਾਹਮਣੇ ਰੱਖਿਆ ਹੈ | ਸਾਨੂੰ ਪੂਰਨ ਆਸ਼ਵਾਸਨ ਮਿਲਿਆ ਹੈ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਅੰਬਾਲਾ ਕੈਂਟ ਤੋਂ ਚੰਡੀਗੜ੍ਹ ਸੈਕਟਰ 17 (ਵਾਇਆ ਸ਼ੰਭੂ ਬਾਰਡਰ, ਤੇਪਲਾ, ਬਨੂੜ) ਰੂਟ 'ਤੇ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ |' ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਸਿੱਧੀਆਂ ਸੈਕਟਰ 17 ਨਹੀਂ ਜਾਂਦੀਆਂ ਸਨ, ਜਿਸ ਕਾਰਨ ਰਾਜਗੜ੍ਹ, ਮਹਿਮਦਪੁਰ, ਸ਼ੰਭੂ ਕਲਾਂ, ਤੇਪਲਾ, ਰਾਮਨਗਰ ਸੈਣੀਆਂ ਅਤੇ ਬਾਸਮਾ ਵਰਗੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਵਿਕਾਸ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਉਹ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਹਰ ਸਹੂਲਤ ਲਈ ਹਮੇਸ਼ਾ ਤਤਪਰ ਰਹਿਣਗੇ | ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਨੰਬਰਦਾਰਾਂ ਨੇ ਵਿਕਾਸ ਸ਼ਰਮਾ ਦਾ ਧੰਨਵਾਦ ਕਰਦਿਆਂ ਇਸ ਨੂੰ ਇਲਾਕੇ ਲਈ ਇਕ ਵੱਡੀ ਰਾਹਤ ਦੱਸਿਆ | ਇਸ ਮੌਕੇ ਭਾਜਪਾ ਆਗੂ ਨਰਿੰਦਰ ਸੂਦ ਵੀ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕਰਜ਼ਾ ਮੁਕਤ ਹੋਣਾ ਲਾਜ਼ਮੀ-ਪ੍ਰੋ. ਦਿਉਲ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ਵਿਖੇ ਇਨਾਮ ਵੰਡ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।