ਰਾਜਪੁਰਾ, 25 ਮਾਰਚ (ਰਣਜੀਤ ਸਿੰਘ)-ਰਾਜਪੁਰਾ ਦੀ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਸ਼ਹਿਰ 'ਚ ਬਰਸਾਤੀ ਪਾਣੀ ਨੂੰ ਰੋਕਣ ਲਈ ਲਾਈ ਗਈ ਮਿੱਟੀ ਕਿਸੇ ਵਿਅਕਤੀ ਨੇ ਚੋਰੀ ਕਰ ਲਈ ਹੈ ਅਤੇ ਸੰਬੰਧੀ ਪੁਲਿਸ ਨੂੰ ਸੂਚਿਤ ਕਰਨ ਦੇ ਨਾਲ ਨਾਲ ਉਚ ਅਧਿਕਾਰੀਆਂ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਤਾਂ ਕਿ ਸ਼ਹਿਰ ਵਿਚ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਰਾਜਪੁਰਾ ਦੇ ਨੇੜੇ ਪੱਚੀ ਦਰੇ 'ਤੇ ਹੜ੍ਹ ਰੋਕੂ ਪ੍ਰਬੰਧਾਂ ਤਹਿਤ ਮਿੱਟੀ ਅਤੇ ਰੇਤ ਦੇ ਭਰੇ ਥੈਲੇ ਲਾਏ ਗਏ ਸਨ ਪਰ ਜੇ.ਸੀ.ਬੀ. ਮਦਦ ਨਾਲ ਉਹ ਥੈਲੇ ਚੋਰੀ ਕਰ ਲਏ ਗਏ ਹਨ | ਇਸ ਨਾਲ ਸ਼ਹਿਰ ਵਾਸੀਆਂ ਤੇ ਬਰਸਾਤਾਂ ਦੇ ਦਿਨਾਂ 'ਚ ਹੜ੍ਹ ਆਉਣ ਦਾ ਖ਼ਤਰਾ ਮੰਡਰਾਂਉਣ ਲੱਗ ਪਿਆ ਹੈ | ਜਿੱਥੇ ਇਹ ਜਨਤਕ ਸੰਪਤੀ ਦੀ ਚੋਰੀ ਹੈ ਉੱਥੇ ਹੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਨਾਲ ਵੀ ਖਿਲਵਾੜ ਹੈ | ਇਸ ਸੰਬੰਧੀ ਨਰਿੰਦਰ ਸ਼ਾਸਤਰੀ ਨੇ ਕਿਹਾ ਕਿ ਰਾਜਪੁਰਾ ਸ਼ਹਿਰ ਦੀ ਐਨ ਵੱਖੀ ਵਿਚੋਂ ਗੁਜ਼ਰਦੇ ਪੱਚੀ ਦਰੇ ਨਾਲੇ ਵਿਚ ਬਰਸਾਤੀ ਪਾਣੀ ਆ ਕੇ ਅਕਸਰ ਹੀ ਬਰਬਾਦੀ ਦਾ ਕਾਰਨ ਬਣਦਾ ਸੀ | ਇਸ ਲਈ ਨਗਰ ਕੌਂਸਲ ਨੇ ਸ਼ਹਿਰ ਵਾਸੀਆਂ ਦੀ ਹਿਫ਼ਾਜ਼ਤ ਲਈ ਬਰਸਾਤੀ ਪਾਣੀ ਨੂੰ ਰੋਕਣ ਲਈ ਮਿੱਟੀ ਅਤੇ ਰੇਤ ਦੇ ਥੈਲੇ ਭਰ ਕੇ ਲਾਏ ਗਏ ਸਨ ਪਰ ਹੁਣ ਕਿਸੇ ਵਿਅਕਤੀ ਨੇ ਜੇ.ਸੀ.ਬੀ. ਸਹਾਇਤਾ ਨਾਲ ਮਿੱਟੀ ਦੇ ਭਰੇ ਥੈਲੇ ਚੋਰੀ ਕਰ ਲਏ ਹਨ | ਉਨ੍ਹਾਂ ਨੇ ਕਿਹਾ ਕਿ ਇਹ ਕਥਿਤ ਨਾਜਾਇਜ਼ ਮਾਈਨਿੰਗ ਦਾ ਮਾਮਲਾ ਹੋ ਸਕਦਾ ਹੈ | ਉਨ੍ਹਾਂ ਨੇ ਅੱਗੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਕਰਨ ਲਈ ਟਿੱਪਰਾਂ ਦੇ ਲੰਘਣ ਲਈ ਵੀ ਰਸਤਾ ਬਣਾਇਆ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਚੋਰ ਵਿਅਕਤੀ ਦੇ ਹੌਸਲੇ ਇਸ ਹੱਦ ਤੱਕ ਵਧੇ ਪਏ ਹਨ ਕਿ ਉਸ ਨੇ ਨਗਰ ਕੌਂਸਲ ਵਲੋਂ ਲਾਈ ਗਈ ਮਿੱਟੀ ਦੇ ਨਾਲ-ਨਾਲ ਰੇਲਵੇ ਦੇ ਪੁਲ ਦੇ ਪਿਲਰਾਂ ਦੇ ਨੇੜੇ ਤੋਂ ਵੀ ਮਿੱਟੀ ਚੋਰੀ ਕਰ ਲਈ ਹੈ | ਉਨ੍ਹਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਇਕਦਮ ਜ਼ਿਆਦਾ ਬਰਸਾਤ ਆ ਜਾਵੇ ਤਾਂ ਸ਼ਹਿਰ ਵਾਸੀਆਂ ਦੇ ਘਰਾਂ 'ਚ ਬਰਸਾਤੀ ਪਾਣੀ ਆ ਜਾਵੇਗਾ | ਇਸ ਨਾਲ ਵੱਡੇ ਪੱਧਰ 'ਤੇ ਨੁਕਸਾਨ ਹੋਣ ਤੋਂ ਕੋਈ ਵੀ ਨਹੀਂ ਬਚਾ ਸਕਦਾ | ਉਨ੍ਹਾਂ ਨੇ ਦੱਸਿਆ ਕਿ ਇਹ ਸਾਰੀ ਜਾਣਕਾਰੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ, ਪੁਲਿਸ ਵਿਭਾਗ, ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐੱਸ.ਡੀ.ਐਮ. ਰਾਜਪੁਰਾ ਦੇ ਧਿਆਨ ਲਿਆਂਦਾ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਮਿੱਟੀ ਚੋਰੀ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲਿਸ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |