ਨਾਭਾ, 25 ਮਾਰਚ (ਜਗਨਾਰ ਸਿੰਘ ਦੁਲੱਦੀ)-ਪੰਜਾਬ ਅੰਦਰ ਦਿਨੋਂ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ, ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਥਾਣਿਆਂ ਦੇ ਨੇੜੇ ਵੀ ਵਾਰਦਾਤਾਂ ਕਰਨ ਤੋਂ ਨਹੀਂ ਘਬਰਾਉਂਦੇ | ਇਸੇ ਤਰ੍ਹਾਂ ਦਾ ਮਾਮਲਾ ਅੱਜ ਤੜਕਸਾਰ ਨਾਭਾ ਦੇ ਥਾਣਾ ਕੋਤਵਾਲੀ ਨੇੜੇ ਵਾਪਰਿਆ ਜਿੱਥੇ ਇਕ ਵਿਅਕਤੀ ਵਲੋਂ ਇਕ ਬਜ਼ੁਰਗ ਔਰਤ ਤੋਂ ਵਾਲੀਆਂ ਖੋਹ ਲਈਆਂ ਗਈਆਂ | ਥਾਣਾ ਕੋਤਵਾਲੀ ਪੁਲਿਸ ਵਲੋਂ ਮੁਸਤੈਦੀ ਵਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿਚ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ | ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਸੌਰਵ ਸਭਰਵਾਲ ਨੇ ਇਸ ਵਾਰਦਾਤ ਸੰਬੰਧੀ ਦੱਸਿਆ ਕਿ ਵੀਨਾ ਜੈਨ ਨਾਮ ਦੀ 65 ਸਾਲਾਂ ਬਜ਼ੁਰਗ ਔਰਤ ਸਵੇਰੇ ਮੰਦਿਰ ਜਾ ਰਹੀ ਸੀ ਤਾਂ ਇਕ ਵਿਅਕਤੀ ਵਲੋਂ ਬਜ਼ੁਰਗ ਮਾਤਾ ਦੀਆਂ ਬਾਲੀਆਂ ਖੋਹ ਲਈਆਂ ਗਈਆਂ ਸੀ | ਪੁਲਿਸ ਵਲੋਂ ਇਸ ਵਾਰਦਾਤ ਨੂੰ ਕੁਝ ਘੰਟਿਆਂ 'ਚ ਸੀ.ਸੀ.ਟੀ.ਵੀ. ਦੀ ਮਦਦ ਦੇ ਨਾਲ ਹੱਲ ਕਰ ਲਿਆ ਗਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆ ਰਹੇ ਹਾਂ | ਇੰਸਪੈਕਟਰ ਸੌਰਵ ਸਭਰਵਾਲ ਨੇ ਕਿਹਾ ਕਿ ਪੁਲੀਸ ਵਲੋਂ ਬਜ਼ੁਰਗ ਔਰਤ ਨੂੰ ਉਨ੍ਹਾਂ ਦੀਆਂ ਬਾਲੀਆਂ ਵਾਪਸ ਕਰਵਾ ਦਿੱਤੀਆਂ ਗਈਆਂ ਹਨ | ਲੁੱਟ ਖੋਹ ਦਾ ਸ਼ਿਕਾਰ ਹੋਈ ਬਜ਼ੁਰਗ ਮਾਤਾ ਵੀਨਾ ਜੈਨ ਦੇ ਬੇਟੇ ਵਰੁਣ ਜੈਨ ਨੇ ਕਿਹਾ ਕਿ ਮੇਰੇ ਮਾਤਾ ਮੰਦਿਰ 'ਚ ਪ੍ਰਭਾਤ ਫੇਰੀ ਤੇ ਜਾ ਰਹੇ ਸਨ ਤਾਂ ਇਕ ਵਿਅਕਤੀ ਵਲੋਂ ਮੇਰੀ ਮਾਤਾ ਦੀਆਂ ਬਾਲੀਆਂ ਖੋਹ ਲਈਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਕੋਤਵਾਲੀ ਪੁਲਿਸ ਵਲੋਂ ਕੁਝ ਹੀ ਘੰਟਿਆਂ 'ਚ ਹੀ ਵਾਲੀਆਂ ਖੋਹਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਕਰਕੇ ਅਸੀਂ ਨਾਭਾ ਪੁਲਿਸ ਦਾ ਧੰਨਵਾਦ ਕਰਦੇ ਹਾਂ |