13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਮਾਣਾ ਚੁੰਗੀ 'ਤੇ ਹੋ ਰਹੇ ਨਾਜਾਇਜ਼ ਕਬਜਿਆਂ 'ਤੇ 4 ਵਿਭਾਗਾਂ ਦੀ ਚੁੱਪੀ ਪੈਦਾ ਕਰ ਰਹੀ ਹੈ ਸਵਾਲੀਆ ਨਿਸ਼ਾਨ

ਪਟਿਆਲਾ ਦੀ ਸਮਾਣਾ ਚੁੰਗੀ ਨੇੜੇ ਬਣੇ ਬੱਸ ਸਟੈਂਡ ਵਿਚ ਪਿਆ ਸਮਾਨ, ਦੂਜੇ ਬੱਸ ਸਟੈਂਡਾਂ ਦਾ ਮੰਦਾ ਹਾਲ | ਸਮਾਣਾ ਚੁੰਗੀ ਨੇੜੇ ਬਾਥਰੂਮਾਂ ਦੇ ਅੱਗੇ ਖੜੀ ਬੱਸ ਵਿਚ ਚੜ੍ਹਦੀਆਂ ਹੋਈਆਂ ਸਵਾਰੀਆਂ | ਤਸਵੀਰਾਂ : ਵਰੁਣ ਸੈਣੀ <br/> 08-03-2026
ਪਟਿਆਲਾ, 7 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੀ ਮੁੱਖ ਮੰਨੀ ਜਾਣ ਵਾਲੀ ਸਮਾਣਾ ਚੁੰਗੀ ਅਤੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਵਿਚਕਾਰ ਪੈਂਦੀ ਪਟਿਆਲਾ-ਸੰਗਰੂਰ ਰੋਡ ਦੇ ਦੋਨੋਂ ਪਾਸੇ ਦਿਨੋਂ ਦਿਨ ਹੋ ਰਹੇ ਨਾਜਾਇਜ ਕਬਜੇ ਜਿਥੇ ਸੜਕ ਦੇ ਦਾਇਰੇ ਨੂੰ ਘਟਾ ਰਹੇ ਹਨ ਉਥੇ ਹੀ ਸਵਾਰੀਆਂ, ਮਰੀਜਾਂ ਲਈ ਵੀ ਦਿੱਕਤਾਂ ਪੈਦਾ ਕਰ ਰਹੇ ਹਨ | ਇਨ੍ਹਾਂ ਨਾਜਾਇਜ ਕਬਜਿਆਂ ਨੂੰ ਰੋਕਣ ਲਈ ਜੰਗਲਾਤ, ਪੀ.ਡਬਲਿਊ.ਡੀ., ਨਗਰ ਨਿਗਮ ਅਤੇ ਪੀ. ਆਰ. ਟੀ. ਸੀ. ਵਿਭਾਗ ਦੇ ਅਧਿਕਾਰੀਆਂ ਦੇ ਕੰਨਾਂ ਉਤੇ ਜੂੰ ਨਾ ਸਰਕਣਾ ਸ਼ੰਕਾ ਪੈਦਾ ਕਰਦਾ ਹੈ | ਉਕਤ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਕਿਸੇ ਕਿਸਮ ਦੀ ਕਾਰਵਾਈ ਨਾ ਕਰਨ ਕਾਰਨ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ 'ਤੇ ਹੋ ਰਹੇ ਨਾਜਾਇਜ਼ ਕਬਜਿਆਂ ਨੂੰ ਦਿਨੋਂ ਦਿਨ ਸ਼ਹਿ ਮਿਲਦੀ ਜਾ ਰਹੀ ਹੈ | ਇਸ ਦੀ ਇਕ ਵੱਡੀ ਉਦਾਹਰਣ ਸਰਕਾਰੀ ਰਾਜਿੰਦਰਾ ਹਸਪਤਾਲ ਨੇੜੇ ਪੈਂਦੀ ਸਮਾਣਾ ਚੁੰਗੀ ਦੇ ਪੁਰਾਣੇ ਅਤੇ ਨਵੇਂ ਬਣੇ ਬੱਸ ਸਟੈਂਡ ਦਾ ਹਾਲ ਇੰਨਾ ਮੰਦਾ ਹੋਇਆ ਪਿਆ ਹੈ ਕਿ ਕਿਸੇ ਵਲੋਂ ਕੀਤੇ ਕਬਜੇ ਕਾਰਨ ਉੱਥੇ ਵੱਡੀ ਗਿਣਤੀ ਵਿਚ ਕੱਪੜੇ ਦੀਆਂ ਗੰਢਾ, ਵੱਡੇ-ਵੱਡੇ ਪੀਪਿਆਂ ਸਮੇਤ ਹੋਰ ਸਮਾਨ ਰੱਖ ਕੇ ਪੱਕਾ ਕਬਜਾ ਕੀਤਾ ਹੋਇਆ ਹੈ, ਜਿਸ ਕਾਰਨ ਸਵਾਰੀਆਂ ਵਲੋਂ ਸਮਾਣਾ ਚੁੰਗੀ ਦੇ ਸਟੈਂਡ ਉਤੇ ਖੜਨ ਦੀ ਥਾਂ ਉਸ ਤੋਂ ਪਹਿਲਾਂ ਬਣੇ ਸਰਕਾਰੀ ਬਾਥਰੂਮਾਂ ਕੋਲ ਖੜਨ ਨੂੰ ਮਜ਼ਬੂਰ ਹੋਣਾ ਪੈਂਦਾ ਹੈ | ਬੱਸ ਸਟੈਂਡ ਦੇ ਨੇੜੇ ਤੇੜੇ ਖੜੀਆਂ ਫਲਾਂ ਦੀਆਂ ਰੇਹੜੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਲੋਂ ਵੀ ਵੱਡੀਆਂ ਰੇਹੜੀਆਂ ਲਗਾ ਕੇ ਅੱਡੇ ਦਾ ਰਸਤਾ ਰੋਕਿਆ ਗਿਆ ਹੈ, ਜਿਸ ਕਾਰਨ ਬੱਸਾਂ ਵਾਲੇ ਵੀ ਅੱਡੇ ਤੋਂ ਪਹਿਲਾਂ ਬਾਥਰੂਮਾਂ ਕੋਲ ਬੱਸਾਂ ਰੋਕਦੇ ਹਨ | ਪੁਰਾਣੇ ਬੱਸ ਸਟੈਂਡ ਦਾ ਹਾਲ ਵੀ ਇੰਨਾ ਬੁਰਾ ਹੈ ਕਿ ਉੱਥੇ ਗੰਦਗੀ ਪਈ ਰਹਿੰਦੀ ਹੈ ਅਤੇ ਵੱਡੀ ਗਿਣਤੀ ਭਿਖਾਰੀ ਨੁਮਾ ਵਿਅਕਤੀ ਸੁੱਤੇ ਪਏ ਰਹਿੰਦੇ ਹਨ ਤੇ ਸਵਾਰੀਆਂ ਖੜੀਆਂ ਰਹਿੰਦੀਆਂ ਹਨ | ਸਮਾਣਾ ਚੁੰਗੀ ਉੱਤੇ ਜਿੰਨੀਆਂ ਵੀ ਸਵਾਰੀਆਂ ਲਈ ਬੈਠਣ ਲਈ ਬੱਸ ਸਟੈਂਡ ਵਾਲੀਆਂ ਥਾਵਾਂ ਹਨ ਉਨ੍ਹਾਂ ਸਾਹਮਣੇ ਰੇਹੜੀ ਵਾਲਿਆਂ, ਭਿਖਾਰੀਆਂ ਦਾ ਪੱਕੇ ਤੌਰ ਉੱਤੇ ਕਬਜਾ ਕੀਤਾ ਜਾਣਾ ਅਤੇ ਉਸ ਉੱਤੇ ਕਾਰਵਾਈ ਨਾਲ ਹੋਣਾ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਸਵਾਲ ਪੈਦਾ ਕਰਦਾ ਹੈ | ਇੱਥੇ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਆਮ ਜਨਤਾ ਦੀ ਸਹੂਲਤ ਲਈ ਬਣਾਈ ਥਾਂ ਉੱਤੇ ਕੀਤੇ ਕਬਜ਼ੇ ਉੱਤੇ ਵਿਭਾਗ ਦੀ ਚੁਪੀ ਕਿਉਂ ਹੈ ਅਤੇ ਕਿਸ ਦੀ ਸ਼ਹਿ ਉੱਤੇ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਸਮਾਣਾ ਚੁੰਗੀ ਦੇ ਉਲਟ ਰਾਜਿੰਦਰਾ ਹਸਪਤਾਲ ਦੀ ਕੰਧ ਦੇ ਨਾਲ ਨਾਲ ਰੋਜ਼ਾਨਾ ਬਣ ਰਹੇ ਖੋਖੇ ਵੀ ਜੰਗਲਾਤ ਵਿਭਾਗ ਨੂੰ ਦਿੱਖ ਨਹੀਂ ਰਹੇ | ਇਹ ਜਾਂਚ ਦਾ ਵਿਸ਼ਾ ਹੈ ਕਿ ਜੰਗਲਾਤ ਵਿਭਾਗ ਵਲੋਂ ਕੀ ਕਦੇ ਦਰਖਤਾਂ ਦੀ ਗਿਣਤੀ ਨੂੰ ਲੈ ਕੇ ਜਾਂਚ ਕੀਤੀ ਗਈ ਹੈ? ਦੱਸਣਯੋਗ ਹੈ ਕਿ ਪਹਿਲਾਂ ਵੀ ਰਾਜਿੰਦਰਾ ਹਸਪਤਾਲ ਦੇ ਨਾਲ ਲੱਗਦੀ ਕੰਧ ਨੇੜੇ ਖੋਖਾ ਮਾਲਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਜਦੋਂ ਵਿਭਾਗ ਦੇ ਅਧਿਕਾਰੀਆਂ ਵਲੋਂ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਨਾ ਕਿਸੇ ਪਾਰਟੀ ਦੇ ਨੁਮਾਇੰਦੇ ਵਲੋਂ ਵੋਟਾਂ ਦੇ ਲਾਲਚ 'ਚ ਮਾਮਲਾ ਠੰਢਾ ਕਰਾ ਦਿੱਤਾ ਜਾਂਦਾ ਹੈ | ਹੁਣ ਆਮ ਆਦਮੀ ਪਾਰਟੀ ਵਿਚ ਵੀ ਪਹਿਲਾਂ ਜੰਗਲਾਤ ਦੀ ਥਾਂ ਸਾਫ਼ ਕੀਤੀ ਜਾ ਰਹੀ ਹੈ ਅਤੇ ਫਿਰ ਉਸ ਥਾਂ ਉੱਤੇ ਜਾਲੀ ਲਗਾ ਕੇ ਥਾਂ ਰੋਕੀ ਜਾਂਦੀ ਹੈ ਅਤੇ ਦੋ ਦਿਨਾਂ ਵਿਚ ਹੀ ਖੋਖਾ ਤਿਆਰ ਕਰ ਚਾਲੂ ਕਰ ਦਿੱਤਾ ਜਾਂਦਾ ਹੈ | ਹੁਣ ਖੋਖਿਆਂ ਦੇ ਨਾਲ ਰਾਜਿੰਦਰਾ ਹਸਪਤਾਲ ਦੀ ਕੰਧ ਨੇੜੇ ਗੱਡੀਆਂ ਅਤੇ ਐਂਬੂਲੈਂਸਾਂ ਖੜ੍ਹਾਉਣ ਵਲੋਂ ਵੀ ਕਬਜਾ ਕੀਤੇ ਜਾਣ ਬਾਰੇ ਪਤਾ ਲੱਗਾ ਹੈ |
ਇਸ ਸੰਬੰਧੀ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ 'ਅਜੀਤ' ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਉਹ ਜਲਦ ਹੀ ਇਨ੍ਹਾਂ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਸੰਬੰਧਿਤ ਵਿਭਾਗਾਂ ਨੂੰ ਨਾਲ ਲੈ ਕੇ ਨਾਜਾਇਜ਼ ਕਬਜ਼ੇ ਛੁਡਵਾਉਣਗੇ | ਇਸ ਸੰਬੰਧੀ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਨਾਲ ਬੱਸ ਅੱਡੇ ਉੱਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਸੰਬੰਧੀ ਗੱਲ ਕਰਨੀ ਚਾਹੀ ਤਾਂ ਪਰ ਉਨ੍ਹਾਂ ਨੇ ਫ਼ੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ |
ਪਿਛਲੀ ਖ਼ਬਰ ਓਵਰਲੋਡ ਟਿੱਪਰਾਂ ਨੂੰ ਪੇਂਡੂ ਸੜਕਾਂ 'ਤੇ ਰੋਕਣ ਲਈ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਅਗਲੀ ਖ਼ਬਰ ਓਵਰਲੋਡ ਟਿੱਪਰਾਂ ਨੂੰ ਪੇਂਡੂ ਸੜਕਾਂ 'ਤੇ ਰੋਕਣ ਲਈ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।