328 ਪਾਵਨ ਸਰੂਪਾਂ ਸੰਬੰਧੀ ਜਾਂਚ ਕਰਨ ਵਾਲੀ ਲਾਪਤਾ ਸਿੱਟ ਪੰਜਾਬ ਸਰਕਾਰ ਲੱਭ ਕੇ ਦੇਵੇ : ਭਾਈ ਵਡਾਲਾ
ਸੁਲਤਾਨਵਿੰਡ, 4 ਨਵੰਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਬੈਹਣੀਵਾਲ ਵਿਖੇ ਸਥਿਤ ਸਦਭਾਵਨਾ ਦਲ ਦੇ ਮੁੱਖ ਦਫ਼ਤਰ ਵਿਖੇ ਦਲ ਦੀ ਵਿਸ਼ੇਸ਼ ਮੀਟਿੰਗ ਬਾਨੀ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੀ ਸਰਪ੍ਰਸਤੀ ਹੇਠ, ਪੰਜਾਬ ਇਕਾਈ ਦੇ ਪ੍ਰਧਾਨ ਭਾਈ ਗੁਰਵਤਨ ਸਿੰਘ ਦੀ ਪ੍ਰਧਾਨਗੀ ਅਤੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਦੀ ਦੇਖ-ਰੇਖ ਹੇਠ ਹੋਈ।
ਸੁਲਤਾਨਵਿੰਡ, 4 ਨਵੰਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਬੈਹਣੀਵਾਲ ਵਿਖੇ ਸਥਿਤ ਸਦਭਾਵਨਾ ਦਲ ਦੇ ਮੁੱਖ ਦਫ਼ਤਰ ਵਿਖੇ ਦਲ ਦੀ ਵਿਸ਼ੇਸ਼ ਮੀਟਿੰਗ ਬਾਨੀ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੀ ਸਰਪ੍ਰਸਤੀ ਹੇਠ, ਪੰਜਾਬ ਇਕਾਈ ਦੇ ਪ੍ਰਧਾਨ ਭਾਈ ਗੁਰਵਤਨ ਸਿੰਘ ਦੀ ਪ੍ਰਧਾਨਗੀ ਅਤੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਦੀ ਦੇਖ-ਰੇਖ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਮੂਲ ਮੰਤਰ, ਗੁਰਮੰਤਰ ਅਤੇ ਚੌਪਈ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਕੇ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 4 ਨਵੰਬਰ ਨੂੰ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪੰਥਕ ਹੋਕੇ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਸਵਾ ਪੰਜ ਸਾਲ ਨਿਰੰਤਰ ਚੱਲਣ ਤੋਂ ਬਾਅਦ 7 ਦਸੰਬਰ 2025 ਨੂੰ ਫ਼ਤਹਿ ਹੋਇਆ। ਮੀਟਿੰਗ ਦੌਰਾਨ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਨੂੰ ਜਿਉਂ ਦਾ ਤਿਉਂ ਰੱਖਣ ਦਾ ਫ਼ੈਸਲਾ ਵੀ ਲਿਆ ਗਿਆ। ਇਸ ਦੌਰਾਨ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਤੇ ਦਿੱਲੀ ਦੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿਚ ਤਬਦੀਲੀ ਦੇ ਮਾਮਲੇ ’ਤੇ ਵੀ ਚਰਚਾ ਹੋਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਐੱਨ.ਓ.ਸੀ. ਦਾਖ਼ਲ ਕਰਨ ਦਾ ਅਹਿਦ ਕੀਤਾ ਗਿਆ ਸੀ, ਪਰ 13 ਸਤੰਬਰ, 13 ਅਕਤੂਬਰ ਅਤੇ 3 ਨਵੰਬਰ ਤੱਕ ਵੀ ਐੱਨ.ਓ.ਸੀ. ਦਾਖ਼ਲ ਨਾ ਕਰਵਾਉਣਾ ਸਰਕਾਰ ਦੇ ਵਾਅਦਿਆਂ ’ਤੇ ਸਵਾਲ ਖੜ੍ਹੇ ਕਰਦਾ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਸੰਬੰੰਧੀ ਬੋਲਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਜਦੋਂ 4 ਨਵੰਬਰ ਨੂੰ ਪਾਵਨ ਸਰੂਪਾਂ ਦੀ ਭਾਲ ਅਤੇ ਇਨਸਾਫ਼ ਲਈ ਮੋਰਚਾ ਲਾਇਆ ਗਿਆ ਸੀ ਤਾਂ ਅੱਜ ਵੀ 4 ਨਵੰਬਰ ਨੂੰ ਇਹ ਸਵਾਲ ਖੜ੍ਹਾ ਹੈ ਕਿ ਪਾਵਨ ਸਰੂਪਾਂ ਦੀ ਭਾਲ ਲਈ ਬਣਾਈ ਗਈ ਡਾ. ਨਾਨਕ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਕਿੱਥੇ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਲਾਪਤਾ ਹੋਈ ਸਿੱਟ ਨੂੰ ਲੱਭ ਕੇ ਦੇਵੇ ਅਤੇ ਦੱਸੇ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਹੁਣ ਤੱਕ ਕੀ ਠੋਸ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮਾਮਲੇ ਵਿਚ ਸੰਗਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਮੀਟਿੰਗ ਦੌਰਾਨ ਵਿਦੇਸ਼ਾਂ ਵਿਚ ਵੱਸਦੀਆਂ ਸਿੱਖ ਸੰਗਤਾਂ ਵਲੋਂ ਪੰਜਾਬ ਦੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਸਲਿਆਂ ਸੰਬੰਧੀ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ, ਭਾਈ ਗੁਰਵਤਨ ਸਿੰਘ, ਭਾਈ ਅਵਤਾਰ ਸਿੰਘ ਖਾਲਸਾ, ਭਾਈ ਸੁਖਵੰਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਸਤਵੰਤ ਸਿੰਘ ਵੇਰਕਾ, ਮਾਤਾ ਕਵਲਜੀਤ ਕੌਰ, ਮਾਤਾ ਭੁਪਿੰਦਰ ਕੌਰ, ਭਾਈ ਅਮਰਪਾਲ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਲਾਲ ਸਿੰਘ ਅਤੇ ਭਾਈ ਮਨਮੋਹਨ ਸਿੰਘ ਸਮੇਤ ਹੋਰ ਸਿੱਖ ਸੰਗਤਾਂ ਹਾਜ਼ਰ ਸਨ।