ਜੰਡਿਆਲਾ ਗੁਰੂ, 28 ਜੁਲਾਈ (ਅੰਮ੍ਰਿਤ ਪਾਲ ਸਿੰਘ) ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਸਮਾਲਖਾ ਦਾ ਰਹਿਣ ਵਾਲਾ ਨੌਜਵਾਨ ਸੁਨੀਲ ਰਾਠੌੜ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸ਼ਹਾਦਤ ਤੋਂ ਪ੍ਰਭਾਵਿਤ ਹੋ ਕੇ ਪੈਦਲ ਯਾਤਰਾ ਕਰਦਿਆਂ ਪੰਜਾਬ ਪਹੁੰਚਿਆ। ਜੰਡਿਆਲਾ ਗੁਰੂ ਵਿਖੇ ਗੱਲਬਾਤ ਦੌਰਾਨ ਸੁਨੀਲ ਰਾਠੌੜ ਨੇ ਦੱਸਿਆ ਕਿ ‘ਸਤਲੁਜ’ ਫ਼ਿਲਮ ਦੇਖਣ ਤੋਂ ਬਾਅਦ ਉਸ ਦੇ ਮਨ ਵਿਚ ਉਸ ਦੌਰ ਦੇ ਘਟਨਾਕ੍ਰਮ ਨੂੰ ਨੇੜਿਓਂ ਜਾਣਨ ਦੀ ਜਿਗਿਆਸਾ ਪੈਦਾ ਹੋਈ। ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਸਾਲ 1995 ਵਿਚ ਤਸ਼ੱਦਦ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਵਿਚ ਹਜ਼ਾਰਾਂ ਬੇਕਸੂਰ ਲੋਕਾਂ ਨਾਲ ਹੋਈਆਂ ਘਟਨਾਵਾਂ ਬਾਰੇ ਜਾਣ ਕੇ ਉਹ ਅੰਦਰੋਂ ਝੰਜੋੜਿਆ ਗਿਆ। ਇਸੇ ਭਾਵਨਾ ਤਹਿਤ ਉਹ ਪੰਜਾਬ ਆਇਆ ਹੈ ਤਾਂ ਜੋ ਉਨ੍ਹਾਂ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਸਕੇ। ਉਨ੍ਹਾਂ ਦੱਸਿਆ ਕਿ ਉਸ ਦੀ ਯਾਤਰਾ ਦਾ ਮੁੱਖ ਉਦੇਸ਼ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਸਨਮੁੱਖ ਹੋ ਕੇ ਆਪਣੀ ਸ਼ਰਧਾ ਭੇਟ ਕਰਨਾ ਹੈ। ਸੁਨੀਲ ਰਾਠੌੜ ਨੇ ਦੱਸਿਆ ਕਿ ‘ਸਤਲੁਜ’ ਫ਼ਿਲਮ ਦੇਖਣ ਉਪਰੰਤ ਉਸ ਨੇ ਪੀੜਤ ਪਰਿਵਾਰਾਂ ਦੇ ਯੂਟਿਊਬ ਇੰਟਰਵਿਊ ਵੀ ਦੇਖੇ। ਉਸ ਦਾ ਕਹਿਣਾ ਸੀ ਕਿ ਫ਼ਿਲਮ ਅਸਲ ਘਟਨਾਵਾਂ ‘ਤੇ ਆਧਾਰਿਤ ਹੈ ਅਤੇ ਇਸ ਵਿਚ ਉਸ ਸਮੇਂ ਦੀਆਂ ਘਟਨਾਵਾਂ ਦਾ ਬਹੁਤ ਘੱਟ ਹਿੱਸਾ ਹੀ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪੈਦਲ ਯਾਤਰਾ 12 ਜੁਲਾਈ ਤੋਂ ਸ਼ੁਰੂ ਕੀਤੀ ਗਈ ਹੈ, ਜਿਸ ਦੌਰਾਨ ਉਹ ਹਰ ਰੋਜ਼ ਲਗਭਗ 25 ਤੋਂ 30 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਦੇ ਹਨ। ਇਹ ਯਾਤਰਾ ਪਿੰਡ ਖਾਲੜਾ ਵਿਖੇ ਜਾ ਕੇ ਸੰਪੰਨ ਹੋਵੇਗੀ।
ਭਾਈ ਖਾਲੜਾ ਦੀ ਸ਼ਹਾਦਤ ਤੋਂ ਪ੍ਰਭਾਵਿਤ ਹਰਿਆਣਾ ਦਾ ਨੌਜਵਾਨ ਪੈਦਲ ਯਾਤਰਾ ਰਾਹੀਂ ਪੁੱਜਿਆ ਪਿੰਡ ਖਾਲੜਾ
ਅਜੀਤ ਡੈਸਕ
29-07-2026