02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਵਿਧਾਇਕ ਧਾਲੀਵਾਲ ਦੇ ਯਤਨਾਂ ਨਾਲ ਨਿਕਾਸੀ ਨਾਲਿਆਂ ਦੀ ਸਫ਼ਾਈ ਦਾ ਕੰਮ ਜਾਰੀ

ਅਜੀਤ ਡੈਸਕ 23-07-2026
ਅਜਨਾਲਾ, 22 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਖੇਤਰ ਵਿਚ ਕੱਲ੍ਹ ਹੋਈ ਭਾਰੀ ਬਾਰਿਸ਼ ਕਾਰਨ ਕਈ ਥਾਵਾਂ ’ਤੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਵੀ ਪਾਣੀ ’ਚ ਡੁੱਬ ਗਈਆਂ ਹਨ । ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਹਲਕਾ ਅਜਨਾਲਾ ਦੇ ਵਿਧਾਇਕ ਧਾਲੀਵਾਲ ਦੇ ਯਤਨਾਂ ਨਾਲ ਨਿਕਾਸੀ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ’ਤੇ ਨਿਰੰਤਰ ਜਾਰੀ ਹੈ ਲਗਾਤਾਰ ਅਤੇ ਵੱਧ ਮੀਂਹ ਪੈਣ ਕਾਰਨ ਨਿਕਾਸੀ ਨਾਲਿਆਂ ਵਿਚ ਪਾਣੀ ਦਾ ਵਹਾਅ ਰੁਕਣ ਨਾਲ ਕਈ ਇਲਾਕਿਆਂ ਵਿਚ ਪਾਣੀ ਖੜ੍ਹਾ ਹੋ ਗਿਆ ਸੀ, ਜਿਸ ਕਾਰਨ ਕਿਸਾਨਾਂ ਦੀਆਂ ਝੋਨੇ ਸਮੇਤ ਹੋਰ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ। ਹਾਲੇ ਤੱਕ ਵੀ ਅਜਨਾਲਾ ਖੇਤਰ ਦੇ ਕਈ ਖੇਤਾਂ ਵਿਚ ਪਾਣੀ ਭਰਿਆ ਹੋਇਆ ਹੈ ਅਤੇ ਉੱਪਰੋਂ ਮੁੜ ਬਾਰਿਸ਼ ਸ਼ੁਰੂ ਹੋ ਜਾਣ ਕਾਰਨ ਕਿਸਾਨ ਚਿੰਤਤ ਹਨ । ਇਸ ਦੇ ਨਾਲ ਹੀ ਅਜਨਾਲਾ ਕੋਲ ਵਗਦੇ ਸੱਕੀ ਨਾਲੇ ਵਿਚ ਵੀ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਪ੍ਰਸ਼ਾਸਨ ਵਲੋਂ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਵਿਧਾਇਕ ਧਾਲੀਵਾਲ ਦੇ ਸਪੁੱਤਰ ਖੁਸ਼ਪਾਲ ਸਿੰਘ ਵਲੋਂ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ । ਇਸ ਮੌਕੇ ਜਰਮਨਜੀਤ ਸਿੰਘ ਤੇੜੀ ਸਮੇਤ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਅਜਨਾਲਾ ਹਲਕੇ ਦੇ ਲਗਭਗ 50 ਪਿੰਡਾਂ ਦਾ ਪਾਣੀ ਦੋ ਡਰੇਨਾਂ ਚਮਿਆਰੀ ਅਤੇ ਭੋਏਵਾਲੀ ਰਾਹੀਂ ਸੱਕੀ ਨਾਲੇ ਵਿਚ ਆਉਂਦਾ ਹੈ ਅਤੇ ਕਈ ਥਾਵਾਂ ‘ਤੇ ਰੁਕਾਵਟਾਂ ਹੋਣ ਕਾਰਨ ਹਰ ਸਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਪਹਿਲਾਂ ਤੋਂ ਹੀ ਨਾਲਿਆਂ ਦੀ ਸਫਾਈ ਕਰਵਾਏ ਜਾਣ ਕਾਰਨ ਪਾਣੀ ਦੀ ਨਿਕਾਸੀ ’ਚ ਕਾਫ਼ੀ ਸੁਧਾਰ ਆਇਆ ਹੈ।
ਪੰਜਾਬ ਸਰਕਾਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦੇਵੇਗੀ- ਧਾਲੀਵਾਲ
ਇਸ ਸੰਬੰਧੀ ਵਿਧਾਇਕ ਧਾਲੀਵਾਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦੇਵੇਗੀ। ਉਨ੍ਹਾਂ ਦੱਸਿਆ ਕਿ ਭਾਰੀ ਬਾਰਿਸ਼ਾਂ ਕਾਰਨ ਜਿੱਥੇ ਵੀ ਪਾਣੀ ਦੀ ਨਿਕਾਸੀ ਵਿਚ ਰੁਕਾਵਟ ਆਈ ਹੈ, ਉੱਥੇ ਜੰਗੀ ਪੱਧਰ ’ਤੇ ਨਿਕਾਸੀ ਨਾਲਿਆਂ ਦੀ ਸਫਾਈ ਕਰਵਾਈ ਜਾ ਰਹੀ ਹੈ। ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਮੌਕੇ ‘ਤੇ ਤਾਇਨਾਤ ਹਨ ਅਤੇ ਹਾਲਾਤਾਂ ‘ਤੇ ਪੂਰੀ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜਨਾਲਾ ਹਲਕੇ ਦੇ ਕਿਸੇ ਵੀ ਪਿੰਡ ਨੂੰ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਇਕੱਲਾ ਨਹੀਂ ਛੱਡਿਆ ਜਾਵੇਗਾ ।
ਪਿਛਲੀ ਖ਼ਬਰ ਸਿੰਜੈਂਟਾ ਕੰਪਨੀ ਵਲੋਂ ਕਿਸਾਨ ਜਾਗਰੂਕਤਾ ਕੈਂਪ ਲਾਇਆ ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਜੀ. ਐੱਸ. ਟੀ. ਵਿਭਾਗ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।