07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪੰਜਾਬ ਰਾਜ ਸੀਨੀਅਰ ਫੁੱਟਬਾਲ ਚੈਂਪੀਅਨਸ਼ਿਪ ਕਪੂਰਥਲਾ ਨੇ ਜਿੱਤੀ, ਹੁਸ਼ਿਆਰਪੁਰ ਦੂਜੇ ਸਥਾਨ ’ਤੇ ਰਿਹਾ

ਅਜੀਤ ਡੈਸਕ 20-07-2026

ਅਟਾਰੀ ਸਰਹੱਦ (ਅੰਮ੍ਰਿਤਸਰ)- 19 ਜੁਲਾਈ-(ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਬੀ. ਐੱਸ. ਐੱਫ. ਸੈਕਟਰ ਹੈੱਡਕੁਆਰਟਰ ਖਾਸਾ ਅੰਮ੍ਰਿਤਸਰ ਦੇ ਫੁੱਟਬਾਲ ਮੈਦਾਨ ਵਿਚ ਸਪੰਦਨ ਤਹਿਤ ਕਰਵਾਈ ਗਈ 77ਵੀਂ ਪੰਜਾਬ ਰਾਜ ਸੀਨੀਅਰ ਫੁੱਟਬਾਲ ਚੈਂਪੀਅਨਸ਼ਿਪ ਦਾ ਸਫਲਤਾਪੂਰਵਕ ਸਮਾਪਨ ਹੋਇਆ। ਪੰਜ ਦਿਨਾਂ ਦਾ ਰੋਮਾਂਚਕ ਟੂਰਨਾਮੈਂਟ 15 ਤੋਂ 19 ਜੁਲਾਈ ਤੱਕ ਚੱਲਿਆ। ਟੂਰਨਾਮੈਂਟ ਦੇ ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਐੱਸ. ਐੱਸ. ਚੰਦੈਲ, ਡੀ. ਆਈ. ਜੀ. ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਇਸ ਮੌਕੇ ਕਵਲਜੀਤ ਸਿੰਘ ਡੀ. ਆਈ. ਜੀ. (ਜੀ) ਐੱਫ. ਟੀ. ਆਰ. ਹੈੱਡਕੁਆਰਟਰ ਬੀ. ਐੱਸ. ਐੱਫ. ਪੰਜਾਬ 168 ਬਟਾਲੀਅਨ ਦੇ ਕਮਾਂਡੈਂਟ ਬੀ. ਐੱਸ. ਐੱਫ. ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀ, ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਅਹੁਦੇਦਾਰ, ਵਿਸ਼ੇਸ਼ ਮਹਿਮਾਨ, ਖਿਡਾਰੀ ਅਤੇ ਖੇਡ ਪ੍ਰੇਮੀ ਵੀ ਮੌਜੂਦ ਸਨ। ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ, ਅਨੁਸ਼ਾਸਨ ਅਤੇ ਮੁਕਾਬਲੇਬਾਜ਼ੀ ਦੀ ਭਾਵਨਾ ਲਈ ਵਧਾਈ ਦਿੱਤੀ। ਉਨ੍ਹਾਂ ਨੇ ਆਯੋਜਨ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਰਾਸ਼ਟਰੀ ਏਕਤਾ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਪ੍ਰਭਾਵਸ਼ਾਲੀ ਸਾਧਨ ਹਨ। ਇਹ ਚੈਂਪੀਅਨਸ਼ਿਪ ਐੱਸ. ਏ. ਆਈ. ਖੇਲੋ ਇੰਡੀਆ, ਫਿਟ ਇੰਡੀਆ, ਅਸਮੀਤਾ ਅਤੇ ਬੀ. ਐੱਸ. ਐੱਫ. ਦੇ ਸਾਂਝੇ ਉਪਰਾਲੇ ਹੇਠ ‘ਸਪੰਦਨ ਦੇ ਉਦੇਸ਼ ਨਾਲ ਆਯੋਜਿਤ ਕੀਤੀ ਗਈ। ਇਸ ਮੌਕੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਹੁਸ਼ਿਆਰਪੁਰ ਅਤੇ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਕਪੂਰਥਲਾ ਨੇ 2-1 ਨਾਲ ਜਿੱਤ ਦਰਜ ਕਰਕੇ ਚੈਂਪੀਅਨਸ਼ਿਪ ਟਰਾਫੀ ਆਪਣੇ ਨਾਮ ਕੀਤੀ। ਜੇਤੂ ਟੀਮਾਂ ਨੂੰ ਇਨਾਮ ਵੰਡ ਸਮਾਰੋਹ ਦੌਰਾਨ ਜੇਤੂ ਉਪ-ਜੇਤੂ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਟਰਾਫੀਆਂ ਅਤੇ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ। ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਖਾਸਾ ਵਲੋਂ ਆਏ ਹੋਏ ਪੰਜਾਬ ਦੇ ਸਮੁੱਚੇ ਫੁਟਬਾਲ ਖਿਡਾਰੀਆਂ ਨੂੰ ਟੂਰਨਾਮੈਂਟ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਪ੍ਰਸਤਾਵ ਨਾਲ ਸਮਾਗਮ ਦਾ ਸਫਲਤਾਪੂਰਵਕ ਸਮਾਪਨ ਹੋ ਗਿਆ। ਇਸ ਮੌਕੇ ਕਮਾਂਡੈਂਟ ਸ੍ਰੀ ਵਿਸ਼ਾਲ ਸਿੰਘ, ਡਿਪਟੀ ਕਮਾਡੈਂਟ ਅਮਨਦੀਪ ਸਿੰਘ ਸਮੇਤ ਬੀ. ਐੱਸ. ਐੱਫ. ਦੇ ਉਚ ਅਧਿਕਾਰੀ ਹਾਜ਼ਰ ਸਨ।

 

ਪਿਛਲੀ ਖ਼ਬਰ ਪਿੰਡ ਭੰਗਵਾ ਵਿਖੇ ਬਾਬਾ ਜਵੰਦ ਸਿੰਘ ਦਾ 146ਵਾਂ ਆਗਮਨ ਪੁਰਬ ਅੱਜ ਮਨਾਇਆ ਜਾਵੇਗਾ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਸੇਵਾ ਆਸਰਾ ਟਰੱਸਟ ਵਲੋਂ ਕਬੱਡੀ ਕੱਪ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।