ਬਾਬਾ ਬਕਾਲਾ ਸਾਹਿਬ, 14 ਜਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਇੰਚਾਰਜ, ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਨੇ ਦਿੱਲੀ ਵਿਖੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਵਿਭਾਗ ਦੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਸਨਮਾਨਿਤ ਕੀਤਾ ਗਿਆ । ਇਸ ਸਬੰਧੀ ਮਨਜੀਤ ਸਿੰਘ ਮੰਨਾ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਵੇਖਣ ਵਿਚ ਆ ਰਿਹਾ ਹੈ ਕਿ ਬਹੁਤ ਥਾਵਾਂ ‘ਤੇ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਵਲੋਂ ਐੱਸ.ਸੀ. ਭਾਈਚਾਰੇ ਅਤੇ ਗ਼ਰੀਬ ਕਿਸਾਨਾਂ ਨਾਲ ਸੰਬੰਧਿਤ ਪਰਿਵਾਰਾਂ ’ਤੇ ਜ਼ੁਲਮ ਢਾਹਿਆ ਜਾ ਰਿਹਾ ਹੈ ਤੇ ਜਦੋਂ ਉਹ ਆਪਣੀ ਫ਼ਰਿਆਦ ਲੈ ਕੇ ਥਾਣੇ, ਤਹਿਸੀਲ ਵਿਚ ਜਾਂਦੇ ਹਨ ਤਾਂ ਉੱਥੇ ਉਨ੍ਹਾਂ ਦੀ ਕੋਈ ਨਹੀਂ ਸੁਣਦਾ ਕਿਉਂਕਿ ਉੱਥੇ ਬੈਠੇ ਅਫਸਰ ਉੱਥੇ ਦੇ ਵਿਧਾਇਕਾਂ ਮੰਤਰੀਆਂ ਦੇ ਆਦੇਸ਼ਾਂ ਨਾਲ ਹੀ ਕੰਮ ਕਰਦੇ ਹਨ । ਜਿਸ ਕਰਕੇ ਵਿਚਾਰੇ ਗ਼ਰੀਬ ਲੋਕ ਘਰਾਂ ਵਿਚ ਬੈਠ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਕਿ ਸਾਡੀ ਸੁਣਨ ਵਾਲਾ ਕੋਈ ਨਹੀਂ । ਜਿਸ ਕਰਕੇ ਉਹ ਉਚੇਚੇ ਤੌਰ ‘ਤੇ ਗਰੀਬ ਲੋਕਾਂ ਨਾਲ ਹੋਈਆਂ ਧੱਕੇਸ਼ਾਹੀਆਂ, ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕੇਂਦਰੀ ਮੰਤਰੀ ਅਠਾਵਲੇ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਨਾਲ ਨਾਲ ਵਿਚਾਰ ਵਟਾਂਦਰਾ ਕੀਤਾ ਹੈ । ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਅਠਾਵਲੇ ਵਲੋਂ ਗੱਲ ਸੁਣਨ ਉਪਰੰਤ ਤੁਰੰਤ ਐਕਸ਼ਨ ਲੈਂਦੇ ਹੋਏ ਜਿੱਥੇ ਵੀ ਕਿਸੇ ਗ਼ਰੀਬ ਜਾਂ ਕਿਸਾਨ ਨਾਲ ਧੱਕਾ ਹੋਇਆ ਹੈ ਉੱਥੋਂ ਦੀ ਸਾਰੀ ਰਿਪੋਰਟ ਸਬੰਧਿਤ ਵਿਭਾਗਾਂ ਕੋਲੋਂ ਮੰਗ ਲਈ ਗਈ ਹੈ । ਇਸ ਮੌਕੇ ਉਨ੍ਹਾਂ ਨਾਲ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਕੌਮੀ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ, ਇੰਦਰਇਕਬਾਲ ਸਿੰਘ ਅਟਵਾਲ, ਅਮਰਜੀਤ ਸਿੰਘ ਸੋਨੂੰ ਦਿੱਲੀ, ਸੁਨੀਲ ਦਿੱਲੀ, ਪੀ.ਏ. ਹਰਪ੍ਰੀਤ ਸਿੰਘ ਹੈਪੀ ਖੱਖ ਹਾਜ਼ਰ ਸਨ।
ਸਾਬਕਾ ਵਿਧਾਇਕ ਮੰਨਾ ਨੇ ਕੇਂਦਰੀ ਮੰਤਰੀ ਅਠਾਵਲੇ ਨਾਲ ਕੀਤੀ ਮੁਲਾਕਾਤ
ਅਜੀਤ ਡੈਸਕ
15-07-2026