ਗੱਗੋਮਾਹਲ, 14 ਜੁਲਾਈ (ਬਲਵਿੰਦਰ ਸਿੰਘ ਸੰਧੂ)- ਆਮ ਆਦਮੀ ਪਾਰਟੀ ਦੇ ਬਲਾਕ ਅਬਜ਼ਰਵਰ ਤੇ ਸੀਨੀਅਰ ਆਗੂ ਹਰਬੀਰ ਸਿੰਘ ਬੱਬਲੂ ਸਿੰਧੀ ਨੇ ਅੱਜ ਪਿੰਡ ਦਹੂਰੀਆਂ, ਸੁਲਤਾਨ ਮਾਹਲ ਸਮੇਤ ਕਈ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨਾਲ ਮੀਟਿੰਗਾਂ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾ ਕੇ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਲਈ ਦਿਨ ਰਾਤ ਮਿਹਨਤ ਕਰਨ ਤੇ ਆਮ ਲੋਕਾਂ ਨੂੰ ਆਮ ਆਦਮੀ ਪਾਰਟੀ ਵਲੋਂ ਕੀਤੇ ਲੋਕ ਭਲਾਈ ਤੇ ਵਿਕਾਸ ਕਾਰਜਾਂ ਬਾਰੇ ਜਾਗਰੂਕ ਕਰਨ ਲਈ ਅੱਗੇ ਆਉਣ ਦੀ ਤਾਕੀਦ ਕੀਤੀ । ਇਸ ਸਮੇਂ ਬੱਬਲੂ ਸਿੰਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੇ ਪਿਛਲਾ ਲੰਮਾ ਸਮਾਂ ਪੰਜਾਬ ਦੇ ਸੱਤਾ ’ਤੇ ਰਾਜ ਕਰਦੀਆਂ ਪਾਰਟੀਆਂ ਨੂੰ ਸ਼ੀਸ਼ਾ ਵਿਖਾਇਆ ਹੈ ਕਿ ਜੇਕਰ ਨੀਅਤ ਸਾਫ ਹੋਵੇ ਤਾਂ ਪੈਸਿਆਂ ਦੀ ਕਮੀ ਵਿਕਾਸ ਕਰਜਾਂ ਵਿਚ ਰੁਕਾਵਟ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਹਰੇਕ ਘਰ ਨੂੰ 600 ਯੂਨਿਟ ਬਿਜਲੀ ਮੁਆਫੀ, ਔਰਤਾਂ ਨੂੰ ਫ੍ਰੀ ਬਸ ਸਫਰ, ਨੌਜਵਾਨਾਂ ਨੂੰ 70 ਹਜਾਰ ਦੇ ਕਰੀਬ ਸਰਕਾਰੀ ਨੌਕਰੀਆਂ, ਪਿੰਡਾਂ ਵਿਚ ਮਾਡਰਨ ਸੱਥਾਂ, ਮਾਵਾਂ ਧੀਆਂ ਸਨਮਾਨ ਯੋਜਨਾ ਸਹਿਤ ਅਨੇਕਾਂ ਲੋਕ ਭਲਾਈ ਦੇ ਕਾਰਜ ਕਰਕੇ 2022 ਵਿਚ ਪੰਜਾਬੀਆਂ ਨੂੰ ਦਿੱਤੀਆਂ ਗਰੰਟੀਆਂ ਪੂਰਨ ਰੂਪ ਵਿਚ ਲਾਗੂ ਕੀਤੀਆਂ ਹਨ । ਇਸ ਮੌਕੇ ਉਨ੍ਹਾਂ ਨਾਲ ਡਿੰਪਲ ਕੁਮਾਰ ਰਮਦਾਸ, ਚੇਅਰਮੈਨ ਮਿੱਠੂ ਸ਼ਾਹ, ਸ਼ੇਰ ਸਿੰਘ ਮੰਦਰਾਵਾਲਾ, ਕਿਸ਼ਨ ਕੁਮਾਰ ਰਮਦਾਸ, ਸਾਬਕਾ ਸਰਪੰਚ ਨੱਥਾ ਸਿੰਘ ਦਹੂਰੀਆ, ਸਵਿੰਦਰ ਸਿੰਘ, ਸੁੱਖ ਮਾਹਲ, ਬਲਵਿੰਦਰ ਸਿੰਘ, ਜਸਬੀਰ ਸਿੰਘ, ਗੁਰਭੇਜ ਸਿੰਘ ਤੋਂ ਇਲਾਵਾ ਆਪ ਦੇ ਕਈ ਵਲੰਟੀਅਰ ਮੌਜੂਦ ਸਨ।
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣੇਗੀ-ਬੱਬਲੂ ਸਿੰਧੀ
ਅਜੀਤ ਡੈਸਕ
15-07-2026