15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਇਤਿਹਾਸਕ ਨਗਰ ਵਿਖੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਮੇਨ ਬਾਜ਼ਾਰ ਨੂੰ ਜਲਦ ਬਣਾਵੇ ਸਰਕਾਰ-ਮੈਨੇਜਰ ਭਾਈ ਜੱਫਰਵਾਲ

ਅਜੀਤ ਡੈਸਕ 11-07-2026
ਬਾਬਾ ਬਕਾਲਾ ਸਾਹਿਬ, 10 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ, ਜਿੱਥੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ, 9 ਮਹੀਨੇ 13 ਦਿਨ ਤਪ ਕਰਕੇ ਇਸ ਪਵਿੱਤਰ ਨਗਰ ਨੂੰ ਵਰੋਸਾਇਆ ਹੈ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜੋ ਵਿਕਾਸ ਕਾਰਜ ਇਸ ਪਵਿੱਤਰ ਨਗਰ ਦੇ ਹੋਣੇ ਚਾਹੀਦੇ ਸਨ, ਉਹ ਨਹੀਂ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵੀ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਰਕਾਰ ਵਲੋਂ ਮੇਨ ਬਾਜ਼ਾਰ ਨੂੰ ਸੁੰਦਰੀਕਰਨ ਲਈ 3 ਕਰੋੜ, 30 ਲੱਖ 51 ਹਜ਼ਾਰ ਦੀ ਗ੍ਰਾਂਟ ਮਨਜੂਰ ਹੋਏ ਹਨ, ਪਰ ਜੋ ਟਾਈਲਾਂ ਬਾਜ਼ਾਰ ਵਿਚ ਲਗਾਉਣ ਲਈ ਲਿਆਂਦੀਆਂ ਗਈਆਂ ਹਨ, ਬਹੁਤ ਹੀ ਘਟੀਆ ਗੁਣਵੱਤਾ ਦੀਆਂ ਹਨ । ਚਾਹੀਦਾ ਤਾਂ ਇਹ ਸੀ ਕਿ ਅੰਮ੍ਰਿਤਸਰ ਦੀ ਵਿਰਾਸਤੀ ਗਲੀ ਵਾਂਗ ਇੱਥੇ ਵੀ ਸ਼ਾਨਦਾਰ ਸੰਗਮਰਮਰ ਲਗਾਇਆ ਜਾਵੇ ਪਰ ਅਜਿਹਾ ਨਹੀਂ ਹੋ ਸਕਿਆ। ਪਿਛਲੇ ਤਿੰਨ ਮਹੀਨੇ ਤੋਂ ਬਾਜ਼ਾਰ ਵਿਚ ਪੁਟ-ਪਟੱਈਆ ਕਰ ਦਿੱਤੇ ਜਾਣ ਕਾਰਨ ਗੁਰੂ ਘਰ ਨੂੰ ਆੳੇਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਜਿੱਥੇ ਰੋਜ਼ਾਨਾ ਹੀ ਲੱਖਾਂ ਸ਼ਰਧਾਲੂ ਦੂਰ-ਦੂਰ ਤੋਂ ਨਤਮਸਤਕ ਹੋਣ ਲਈ ਆਉਂਦੇ ਹਨ, ਉਥੇ ਮੱਸਿਆ, ਪੁੰਨਿਆਂ, ਸੰਗਰਾਂਦ ਤੇ ਸੰਗਤਾਂ ਦਾ ਹੋਰ ਵੀ ਵੱਡਾ ਉਤਸ਼ਾਹ ਹੁੰਦਾ ਹੈ ਅਤੇ ਹੁਣ ਹਰ ਸਾਲ ਸੰਸਾਰ ਪ੍ਰਸਿੱਧ ‘ਤੇ ਮਨਾਇਆ ਜਾਣ ਵਾਲਾ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਰੱਖੜ ਪੁੰਨਿਆਂ ਵੀ ਅਗਲੇ ਮਹੀਨੇ ਅਗਸਤ ਵਿਚ ਆ ਰਿਹਾ ਹੈ। ਜਿਸ ਕਾਰਨ ਸਥਾਨਕ ਗੁਰੂ ਘਰ ਨੂੰ ਆਉਣ ਵਾਲੇ ਸ਼ਰਧਾਲੂਆਂ ਦੀ ਇਹ ਸਰਕਾਰ ਪਾਸੋਂ ਮੰਗ ਹੈ ਕਿ ਪਹਿਲ ਦੇ ਆਧਾਰ ‘ਤੇ ਗੁਰੂ ਘਰ ਦੀ ਸੇਵਾ ਸਮਝਕੇ ਇਸ ਮੇਨ ਬਾਜ਼ਾਰ ਵਿਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇ ਅਤੇ ਜਿੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ, ਉਥੇ ਦੁਕਾਨਾਦਰਾਂ ਅਤੇ ਯਾਤਰੂਆਂ ਨੂੰ ਹੋ ਰਹੀ ਵੱਡੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਈ ਜਾਵੇ। ਇਸ ਮੌਕੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ ਅਤੇ ਹੋਰ ਸਟਾਫ ਵੀ ਹਾਜ਼ਰ ਸੀ ।
ਪਿਛਲੀ ਖ਼ਬਰ ਏ.ਐੱਸ.ਆਈ ਸਤਨਾਮ ਸਿੰਘ ਰੰਧਾਵਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨੇ ਭੂਪੇਸ਼ ਬਘੇਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।