17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਤਲਾਣੀ ਸਾਹਿਬ ਕਾਲਜ ਵਿਖੇ ਸ੍ਰੀ ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ <br/>

ਅਜੀਤ ਡੈਸਕ 09-05-2026
ਅਟਾਰੀ, 5 ਮਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਹਿਨੁਮਾਈ ਅਤੇ ਵਿਦਿਆ ਸਕੱਤਰ ਸੁਖਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਪਿ੍ੰਸੀਪਲ ਡਾ. ਰੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਵਿਖੇ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦੌਰਾਨ ਕਾਲਜ ਦੀ ਵਿਦਿਆਰਥਣ ਨਵਨੀਤ ਕੌਰ ਨੇ ਕੀਰਤਪੁਰ ਸਾਹਿਬ ਦੇ ਇਤਿਹਾਸ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ | ਇਸ ਸੈਮੀਨਾਰ ਦੌਰਾਨ ਪ੍ਰੋ. ਸੁਖਦੀਪ ਸਿੰਘ ਨੇ ਵਿਦਿਆਰਥੀਆਂ ਨਾਲ ਕੀਰਤਪੁਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਹਾ ਕਿ ਇਸ ਨਗਰ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1627 ਈਸਵੀ ਵਿਚ ਕੀਤੀ ਸੀ | ਗੁਰੂ ਜੀ ਨੇ ਇਹ ਜ਼ਮੀਨ ਕਹਿਲੂਰ (ਬਿਲਾਸਪੁਰ) ਦੇ ਰਾਜਾ ਤਾਰਾ ਚੰਦ ਤੋਂ ਖ਼ਰੀਦੀ ਸੀ | ਬਾਬਾ ਗੁਰਦਿੱਤਾ ਜੀ ਨੇ ਬਾਬਾ ਸ੍ਰੀ ਚੰਦ ਜੀ ਪਾਸੋਂ ਇਸ ਨਗਰ ਦੀ ਮੋੜ੍ਹੀ ਗਡਵਾਈ ਸੀ | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮਿ੍ਤਸਰ ਤੋਂ ਬਾਅਦ ਕੀਰਤਪੁਰ ਸਾਹਿਬ ਨੂੰ ਆਪਣਾ ਮੁੱਖ ਕੇਂਦਰ ਬਣਾਇਆ | ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ 10 ਸਾਲ ਇੱਥੇ ਬਿਤਾਏ ਅਤੇ 1644 ਈਸਵੀ ਵਿਚ ਇੱਥੇ ਹੀ ਜੋਤੀ-ਜੋਤ ਸਮਾਏ | ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਜਨਮ ਇਸੇ ਪਵਿੱਤਰ ਧਰਤੀ 'ਤੇ ਹੋਇਆ | ਗੁਰੂ ਹਰਿਰਾਇ ਜੀ ਨੇ ਵੀ ਆਪਣਾ ਜ਼ਿਆਦਾਤਰ ਸਮਾਂ ਇੱਥੇ ਹੀ ਬਤੀਤ ਕੀਤਾ | ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਬਚਪਨ ਅਤੇ ਜਵਾਨੀ ਦਾ ਕਾਫ਼ੀ ਸਮਾਂ ਕੀਰਤਪੁਰ ਸਾਹਿਬ ਵਿਖੇ ਹੀ ਬੀਤਿਆ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਨੰਦਪੁਰ ਸਾਹਿਬ ਤੋਂ ਹੀ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈਣ ਲਈ ਕੀਰਤਪੁਰ ਸਾਹਿਬ ਆਏ ਸਨ | ਇਸ ਤੋਂ ਇਲਾਵਾ ਗੁਰਦੁਆਰਾ ਪਤਾਲਪੁਰੀ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਚਰਨ ਕਮਲ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਆਦਿ ਕੀਰਤਪੁਰ ਸਾਹਿਬ ਦੇ ਸਭ ਤੋਂ ਪ੍ਰਮੁੱਖ ਅਸਥਾਨ ਹਨ | ਕੀਰਤਪੁਰ ਸਾਹਿਬ ਅੱਜ ਵੀ ਸਿੱਖ ਸ਼ਰਧਾਲੂਆਂ ਲਈ ਇੱਕ ਪ੍ਰਮੁੱਖ ਕੇਂਦਰੀ ਸਥਾਨ ਹੈ ਅਤੇ ਆਨੰਦਪੁਰ ਸਾਹਿਬ ਦੇ ਰਸਤੇ ਵਿਚ ਹੋਣ ਕਰਕੇ ਹਜ਼ਾਰਾਂ ਸੰਗਤਾਂ ਰੋਜ਼ਾਨਾ ਇੱਥੇ ਦਰਸ਼ਨਾਂ ਲਈ ਆਉਂਦੀਆਂ ਹਨ | ਇਸ ਸਮੇਂ ਕਾਲਜ ਦੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਛੀਨਾ ਕਰਮ ਸਿੰਘ ਦੀ ਪੰਚਾਇਤ ਵਲੋਂ ਚਿਰਾਂ ਤੋਂ ਟੁੱਟੀ ਗਲੀ ਨੂੰ ਬਣਾਇਆ <br/> ਅਗਲੀ ਖ਼ਬਰ ਸ੍ਰੀ ਚੈਤਨਿਆ ਟੈਕਨੋ ਸਕੂਲ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।