ਗੱਗੋਮਾਹਲ, 31 ਮਾਰਚ (ਬਲਵਿੰਦਰ ਸਿੰਘ ਸੰਧੂ)-ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ 8 ਅਪ੍ਰੈਲ ਨੂੰ ਗੱਗੋਮਾਹਲ ਵਿਖੇ ਹੋਣ ਜਾ ਰਹੀ ਪੰਥਕ ਇਕੱਤਰਤਾ ਸੰਬੰਧੀ ਵੱਖ-ਵੱਖ ਪਿੰਡਾਂ 'ਚ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਇਸੇ ਦੌਰਾਨ ਵਿਧਾਨ ਸਭਾ ਹਲਕਾ ਅਜਨਾਲਾ ਦੇ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰਾ, ਭਾਈ ਰਜਵੰਤ ਸਿੰਘ ਮਹਿਲਾਵਾਲਾ ਤੇ ਡਾ. ਦਰਸ਼ਨ ਸਿੰਘ ਗੁਜਰਪੁਰਾ ਨੇ ਦੱਸਿਆ ਕਿ ਅੰਮਿ੍ਤਸਰ ਜ਼ਿਲ੍ਹੇ ਵਿਚ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਹੋਣ ਜਾ ਰਹੀ ਪੰਥਕ ਇਕੱਤਰਤਾ ਇਤਿਹਾਸਕ ਹੋ ਨਿਬੜੇਗੀ | ਭਾਈ ਅੰਮਿ੍ਤਪਾਲ ਸਿੰਘ ਖਾਲਸਾ ਨਾਲ ਵਾਪਰੇ ਅਜਨਾਲਾ ਕਾਂਡ ਸੰਬੰਧੀ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਹੜਾ ਧੱਕਾ ਕੀਤਾ ਗਿਆ ਹੈ ਉਸ ਦਾ ਜਵਾਬ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬੀ ਦੇਣਗੇ | ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ | ਇਸ ਸਮੇਂ ਡਾ. ਸੁਖਪ੍ਰੀਤ ਸਿੰਘ ਭਲਾਪਿੰਡ, ਸਰਤਾਜਪ੍ਰੀਤ ਸਿੰਘ ਭੰਗੂ, ਮਨਜੋਤ ਸਿੰਘ ਪੂਰੇਵਾਲ, ਬੱਗਾ ਸਿੰਘ ਬੱਲੜਵਾਲ, ਗੁਰਬੀਰ ਸਿੰਘ ਦੁਧਰਾਏ, ਮੁਨਸ਼ੀ ਸਿੰਘ ਨਿੱਕਾ ਫਤੇਵਾਲ, ਫੌਜੀ ਕੁਲਵਿੰਦਰ ਸਿੰਘ ਰਮਦਾਸ, ਨਰਿੰਦਰ ਸਿੰਘ ਨਾਸਰ, ਸੁੱਚਾ ਸਿੰਘ ਜੱਟਾ, ਮੰਗਲ ਸਿੰਘ, ਕੁਲਵਿੰਦਰ ਸਿੰਘ ਕੋਟਰਿਜਾਦਾ ਆਦਿ ਆਗੂ ਹਾਜ਼ਰ ਸਨ |