ਮਜੀਠਾ, 25 ਮਾਰਚ (ਮਨਿੰਦਰ ਸਿੰਘ ਸੋਖੀ)-ਹਾਲ ਹੀ ਵਿਚ ਪੰਜਾਬ ਸਰਕਾਰ ਦੇ ਉਚ ਅਧਿਕਾਰੀ ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਨੂੰ ਜਿਹੜਾ ਕਿ ਪੰਜਾਬ ਸਮੇਤ ਦੇਸ਼ ਭਰ ਦੀਆਂ ਸੁਰਖੀਆਂ ਵਿਚ ਹੈ ਅਤੇ ਲੋਕਾਂ ਦੇ ਧਿਆਨ ਨੂੰ ਭਟਕਾਉਣ ਵਾਸਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਹੀ ਵਿਧਾਇਕ ਜਿਸ ਨੂੰ ਸਰਕਾਰ ਨੇ ਆਪ ਭਜਾਇਆ ਹੋਇਆ ਸੀ ਅਤੇ ਆਪ ਹੀ ਗਿ੍ਫਤਾਰ ਕੀਤਾ ਗਿਆ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਦਾ ਵਿਧਾਇਕ ਪਠਾਨਮਾਜਰਾ ਨਾਲ ਦੋਸਤਾਨਾ ਮੈਚ ਚੱਲ ਰਿਹਾ ਸੀ | ਇਹ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮਜੀਠਾ ਵਿਖੇ ਬਾਅਦ ਦੁਪਹਿਰ ਆਪਣੇ ਕੁਝ ਵਰਕਰਾਂ ਨਾਲ ਮਿਲਣ ਉਪਰੰਤ ਗੱਲਬਾਤ ਕਰਦਿਆਂ ਕੀਤਾ | ਮਜੀਠੀਆ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਆਪ ਹੀ ਪਠਾਨਮਾਜਰਾ ਨੂੰ ਭਜਾ ਦਿੱਤਾ ਅਤੇ ਹੁਣ ਆਪ ਹੀ ਵਾਪਸ ਬੁਲਾ ਲਿਆ ਤਾਂ ਕਿ ਗਗਨਦੀਪ ਸਿੰਘ ਰੰਧਾਵਾ ਵਾਲੇ ਮਾਮਲੇ ਤੋਂ ਲੋਕਾਂ ਦੇ ਧਿਆਨ ਨੂੰ ਭਟਕਾਇਆ ਜਾ ਸਕੇ | ਉਨ੍ਹਾਂ ਨੇ ਲੋਕ ਸਭਾ ਅਤੇ ਰਾਜ ਸਭਾ ਵਿਚ ਪੰਜਾਬ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਰੰਧਾਵਾ ਦੇ ਕੇਸ ਵਿਚ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਸੀ.ਬੀ.ਆਈ. ਤੋਂ ਜਾਂਚ ਦੀ ਮੰਗ ਵਾਲੀ ਚਿੱਠੀ 'ਤੇ ਦਸਤਖਤ ਕੀਤੇ ਜਾਣ ਤਾਂ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ | ਉਨ੍ਹਾਂ ਨੇ ਲੋਕ ਸਭਾ ਦੇ ਮੈਂਬਰ ਹਰਸਿਮਰਤ ਕੌਰ ਬਾਦਲ, ਗੁਰਜੀਤ ਸਿੰਘ ਔਜਲਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਧਰਮਵੀਰ ਗਾਂਧੀ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਮਜੀਠੀਆ ਦੇ ਨਾਲ ਐਡਵੋਕੇਟ ਰਾਕੇਸ਼ ਪ੍ਰਾਸ਼ਰ ਸਿਆਸੀ ਸਕੱਤਰ ਮਜੀਠੀਆ, ਨਗਰ ਕੌਸਲ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ, ਸੀਨੀਅਰ ਮੀਤ ਪ੍ਰਧਾਨ ਪਿ੍ੰਸ ਨਈਅਰ, ਸਾਬਕਾ ਕੌਸਲਰ ਸੁਰਿੰਦਰਪਾਲ ਸਿੰਘ ਗੋਕਲ, ਉਂਕਾਰ ਸਿੰਘ ਆਦਿ ਹਾਜ਼ਰ ਸਨ |