ਚਵਿੰਡਾ ਦੇਵੀ, 25 ਮਾਰਚ (ਸਤਪਾਲ ਸਿੰਘ ਢੱਡੇ)-ਪੰਜਾਬ ਦੀਆਂ ਪੇਂਡੂ ਲਿੰਕ ਸੜਕਾਂ 'ਤੇ ਕਿਸਾਨਾਂ, ਦੁਕਾਨਦਾਰਾਂ ਅਤੇ ਕੁਝ ਰਿਹਾਇਸ਼ੀ ਘਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡਾਂ ਨੂੰ ਆਪਸ 'ਚ ਜੋੜਨ ਵਾਲੀਆਂ ਇਹ ਸੜਕਾਂ, ਜੋ ਆਮ ਆਵਾਜਾਈ ਦਾ ਮੁੱਖ ਸਾਧਨ ਹਨ, ਕਈ ਥਾਵਾਂ 'ਤੇ ਸਿਕੁੜਦੀਆਂ ਜਾ ਰਹੀਆਂ ਹਨ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਸਥਾਨਕ ਲੋਕਾਂ ਦੇ ਅਨੁਸਾਰ ਕਈ ਕਿਸਾਨਾਂ ਵਲੋਂ ਖੇਤਾਂ ਦੀ ਹੱਦ ਵਧਾ ਕੇ ਸੜਕਾਂ 'ਤੇ ਕਬਜ਼ਾ ਕੀਤਾ ਗਿਆ ਹੈ | ਇਸ ਤੋਂ ਇਲਾਵਾ ਕੁਝ ਦੁਕਾਨਦਾਰਾਂ ਨੇ ਆਪਣਾ ਸਾਮਾਨ ਸੜਕਾਂ ਦੇ ਕਿਨਾਰਿਆਂ 'ਤੇ ਰੱਖ ਕੇ ਰਸਤਾ ਤੰਗ ਕਰ ਦਿੱਤਾ ਹੈ, ਜਦਕਿ ਕੁਝ ਰਿਹਾਇਸ਼ੀ ਘਰਾਂ ਦੇ ਮਾਲਕਾਂ ਵਲੋਂ ਵੀ ਕੰਧਾਂ ਜਾਂ ਛੱਜੇ ਅੱਗੇ ਕਰਕੇ ਸੜਕ ਦੀ ਚੌੜਾਈ ਘਟਾਈ ਗਈ ਹੈ | ਇਸ ਕਾਰਨ ਕਈ ਥਾਵਾਂ 'ਤੇ ਸੜਕਾਂ ਦੀ ਹਾਲਤ ਇਹ ਬਣ ਗਈ ਹੈ ਕਿ ਦੋ ਵਾਹਨ ਇਕੱਠੇ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਸਵੇਰੇ-ਸ਼ਾਮ ਦੇ ਸਮੇਂ ਟ੍ਰੈਫਿਕ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾ ਕੇ ਸੜਕਾਂ ਨੂੰ ਖਾਲੀ ਕਰਵਾਇਆ ਜਾਵੇ ਅਤੇ ਮੁੜ ਚੌੜਾ ਕੀਤਾ ਜਾਵੇ | ਲੋਕਾਂ ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਇਹ ਮੁਸ਼ਕਲ ਹੋਰ ਵਧ ਸਕਦੀ ਹੈ |