02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਕਬਰਸਤਾਨ ਮਸਲੇ ਨੂੰ ਲੈ ਕੇ ਮੇਰੇ ’ਤੇ ਹੋਇਆ ਪਰਚਾ ਸਿਆਸਤ ਤੋਂ ਪ੍ਰੇਰਿਤ-ਬਾਜਵਾ

ਅਜੀਤ ਡੈਸਕ 26-07-2026
ਮੋਰਿੰਡਾ, 25 ਜੁਲਾਈ (ਪ੍ਰਿਤਪਾਲ ਸਿੰਘ)-ਕਬਰਸਤਾਨ ਮਸਲੇ ਨੂੰ ਲੈ ਕੇ ਮੇਰੇ ’ਤੇ ਹੋਇਆ ਪਰਚਾ ਸਿਆਸਤ ਤੋਂ ਪ੍ਰੇਰਿਤ ਹੈ। ਇਸ ਸਬੰਧੀ ਕੌਂਸਲਰ ਮਨਦੀਪ ਸਿੰਘ ਬਾਜਵਾ ਨੇ ਸਾਥੀ ਕੌਂਸਲਰਾਂ ਨੂੰ ਨਾਲ ਲੈ ਕੇ ਕੀਤੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਨਾ ਹੀ ਉਹ ਘਟਨਾ ਸਮੇਂ ਮੌਕੇ ‘ਤੇ ਮੌਜੂਦ ਸਨ ਪਰ ਫਿਰ ਵੀ ਉਨ੍ਹਾਂ ਵਿਰੁੱਧ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਸੀਹ ਕਬਰਸਤਾਨ ਲਈ ਸਰਕਾਰ ਵਲੋਂ 16 ਵਿਸਵੇ ਜ਼ਮੀਨ ਦਿੱਤੀ ਗਈ ਹੈ ਪ੍ਰੰਤੂ ਮਸੀਹ ਭਾਈਚਾਰੇ ਦੇ ਕੁੱਝ ਲੋਕ ਇਸ ਤੋਂ ਵੱਧ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਦੇ ਚੱਲਦਿਆਂ ਮੁਹੱਲਾ ਵਾਸੀਆਂ ਨੇ ਮੈਨੂੰ ਮੁਹੱਲੇ ਦਾ ਕੌਂਸਲਰ ਹੋਣ ਦੇ ਨਾਤੇ ਇਸ ਮਸਲੇ ਦਾ ਹੱਲ ਕਰਨ ਸਬੰਧੀ ਗੱਲ ਕੀਤੀ ਸੀ ਅਤੇ ਦੱਸਿਆ ਸੀ ਇਹ ਜੋ ਵੀ ਜ਼ਮੀਨ ਸਰਕਾਰੀ ਕਾਗ਼ਜ਼ਾਂ ਵਿਚ ਕਬਰਸਤਾਨ ਲਈ ਅਲਾਟ ਕੀਤੀ ਗਈ ਹੈ, ਉਸ ਵਿਚ ਮਸੀਹ ਭਾਈਚਾਰਾ ਆਪਣਾ ਕਬਜ਼ਾ ਕਰ ਸਕਦੇ ਹਨ, ਪ੍ਰੰਤੂ ਮਸੀਹ ਭਾਈਚਾਰੇ ਨਾਲ ਸੰਬੰਧਿਤ ਕੁੱਝ ਲੋਕ ਇਸ ਤੋਂ ਵੱਧ ਜ਼ਮੀਨ ਨੂੰ ਹੜੱਪਣਾ ਚਾਹੁੰਦੇ ਹਨ। ਮਨਦੀਪ ਬਾਜਵਾ ਨੇ ਦੱਸਿਆ ਕਿ ਉਸ ਦਿਨ ਮਸੀਹ ਭਾਈਚਾਰੇ ਦੇ ਲੋਕ ਕਬਰਸਤਾਨ ਲਈ ਅਲਾਟ ਕੀਤੀ 16 ਵਿਸਵੇ ਜ਼ਮੀਨ ਨੂੰ ਛੱਡ ਕੇ ਦੂਜੀ ਜ਼ਮੀਨ ਵਿਚ ਮੁਰਦਾ ਦਫ਼ਨਾਉਣਾ ਚਾਹੁੰਦੇ ਸਨ, ਜਿਸ ਦਾ ਮੁਹੱਲਾ ਵਾਸੀਆਂ ਨੇ ਵਿਰੋਧ ਕੀਤਾ ਸੀ। ਪਰ ਮੈਂ ਉਸ ਸਮੇਂ ਸ਼ਹਿਰ ਤੋਂ ਬਾਹਰ ਸੀ ਤੇ ਮੈਂ ਮੁਹੱਲਾ ਵਾਸੀਆਂ ਨੂੰ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰਨ ਲਈ ਕਹਿ ਦਿੱਤਾ ਸੀ। ਪ੍ਰੰਤੂ ਹਲਕਾ ਵਿਧਾਇਕ ਦੀ ਸ਼ਹਿ ਤੇ ਸਿਆਸਤ ਤਹਿਤ ਮੇਰੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੁਲ 15 ਕੌਂਸਲਰਾਂ ਵਿਚੋਂ 9 ਕਾਂਗਰਸੀ ਕੌਂਸਲਰ ਅਸੀਂ ਇੱਕਜੁੱਟ ਹਾਂ ਅਤੇ ਆਮ ਆਦਮੀ ਪਾਰਟੀ ਵਲੋਂ ਸਿਰਫ਼ 6 ਕੌਂਸਲਰਾਂ ਨਾਲ ਗੈਰ ਸੰਵਿਧਾਨਕ ਤੌਰ ‘ਤੇ ਪ੍ਰਧਾਨ ਦੀ ਚੋਣ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸਾਡੇ ਵਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਮਾਮਲਾ ਚੱਲ ਰਿਹਾ ਹੈ ਜਿਸ ਦੀ ਅਗਲੀ ਸੁਣਵਾਈ 28 ਜੁਲਾਈ ਨੂੰ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਪ੍ਰਸ਼ਾਸਨ ਵਲੋਂ ਜਾਣ ਬੁਝ ਕੇ ਮੈਨੂੰ ਤੇ ਮੇਰੇ ਸਾਥੀ ਕੌਂਸਲਰਾਂ ਤੇ ਝੂਠੇ ਮਾਮਲੇ ਦਰਜ ਕਰਕੇ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅਸੀਂ ਸਾਰੇ ਕੌਂਸਲਰ ਇੱਕਜੁੱਟ ਹਾਂ ਅਤੇ ਆਪਣੀ ਲੜਾਈ ਲੜਦੇ ਰਹਾਂਗੇ। ਇਸ ਮੌਕੇ ਕੌਂਸਲਰ ਰਜੇਸ਼ ਕੁਮਾਰ ਸੁਸ਼ੋਧੀਆ, ਕੌਂਸਲਰ ਮਹਿੰਦਰ ਸਿੰਘ ਢਿੱਲੋ, ਬਲਵੀਰ ਸਿੰਘ ਲਾਲਾ, ਗੁਰੂ ਸ਼ੇਰ ਗਿੱਲ, ਚੂਚੂ ਸੂਦ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਸਨੀ ਭੂਮਕ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਰਾਹੁਲ ਸ਼ਰਮਾ , ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਰਕੇਸ਼ ਕੁਮਾਰ ਬੱਗਾ, ਕਾਂਗਰਸੀ ਆਗੂ ਹਰਜੋਤ ਸਿੰਘ ਢੰਗਰਾਲੀ ਆਦਿ ਹਾਜਰ ਸਨ।
ਪਿਛਲੀ ਖ਼ਬਰ ਹਿਮਾਚਲ ਵਲੋਂ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਵਸੂਲੇ ਜਾ ਰਹੇ ਐਂਟਰੀ ਟੈਕਸ ਦਾ ਮਾਮਲਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਇਆ ਅਧਿਆਪਕ ਸਨਮਾਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।