ਸ੍ਰੀ ਚਮਕੌਰ ਸਾਹਿਬ, 23 ਜੂਨ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ(ਚੜੂਨੀ) ਜ਼ਿਲ੍ਹਾ ਰੂਪਨਗਰ ਵਲੋਂ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਅਮਰੀਕਾ -ਭਾਰਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਜਤਿੰਦਰ ਪਾਲ ਸਿੰਘ ਜਿੰਦੂ ਖੋਖਰਾਂ ਦੀ ਪ੍ਰਧਾਨਗੀ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਦੌਰਾਨ ਘੋੜੇ ਵਾਲੇ ਚੌਕ ‘ਚ ਇਕੱਤਰ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਿੰਦੂ ਖੋਖਰਾਂ ਨੇ ਕਿਹਾ ਕਿ ਅਜਿਹੇ ਸਮਝੋਤਾਂ ਦਾ ਕੋਈ ਲਾਭ ਨਹੀਂ ਜੋ ਦੇਸ਼ ਵਿਰੋਧੀ ਹੋਣ, ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਦੇਸ਼ ਦਾ ਕਿਸਾਨ, ਮਜ਼ਦੂਰ, ਵਪਾਰੀ ਵਰਗ ਬੁਰੀ ਤਰਾਂ ਲਿਤਾੜਿਆ ਜਾਵੇਗਾ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਦੇਸ਼ ਦੇ ਹਰ ਵਰਗ ਦੀ ਬਲੀ ਦੇਣ ਨੂੰ ਉਤਾਵਲੇ ਜਾਪ ਰਹੇ ਹਨ। ਜ਼ਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਾਣੇਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਨਾਲ ਦੇਸ਼ ਦੇ ਕਿਸਾਨ,ਮਜ਼ਦੂਰ ਅਤੇ ਵਪਾਰੀ ਵਰਗ ਦੀਆਂ ਆਰਥਿਕਤਾ ਨੂੰ ਭਾਰੀ ਢਾਹ ਲੱਗੀ ਹੈ। ਜ਼ਿਲ੍ਹਾ ਜ/ਸ ਹਰਦੇਵ ਸਿੰਘ ਨੇ ਕਿਹਾ ਕਿ ਜਥੇਬੰਦੀ ਕੇਂਦਰ ਸਰਕਾਰ ਦੀ ਇਸ ਨੀਤੀ ਦਾ ਸਖ਼ਤ ਵਿਰੋਧ ਕਰਦੀ ਹੈ, ਜਥੇਬੰਦੀ ਦੇ ਆਗੂ ਜੋ ਵੀ ਆਦੇਸ਼ ਦੇਣ ਗੇ ਉਸ ਤੇ ਡਟ ਕੇ ਪਹਿਰਾ ਦਿੱਤਾ ਜਾਵੇਗਾ। ਇਸ ਉਪਰੰਤ ਇਹ ਕਿਸਾਨ ਸ਼ਹਿਰ ਦੇ ਸਮੁੱਚੇ ਬਹਾਰਾਂ ਅਤੇ ਮਾਰਗਾਂ ‘ਤੇ ਵਪਾਰ ਨੀਤੀ ਦੇ ਵਿਰੋਧ ਵਿਚ ਮਾਰਚ ਕਰਦਿਆਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਰਦੇਵ ਸਿੰਘ, ਜਸਵਿੰਦਰ ਸਿੰਘ ਮਾਣੇਮਾਜਰਾ, ਬਲਜੀਤ ਸਿੰਘ ਸੋਨੀ, ਕਾਕਾ ਸਿੰਘ, ਮਲਾਹਰਾ ਸਿੰਘ, ਗੁਰਪ੍ਰੀਤ ਸਿੰਘ, ਹਰਮਨਦੀਪ ਸਿੰਘ, ਦਲਬਾਰਾ ਸਿੰਘ, ਰਣਜੋਧ ਸਿੰਘ ਮੋਹਣ ਮਾਜਰਾ, ਲਖਵੀਰ ਸਿੰਘ, ਪਵਨ ਖੋਖਰ, ਰਵਿੰਦਰ ਸੋਨੀ, ਕਮਲਜੋਤ ਸਿੰਘ, ਚਰਨਜੀਤ ਚੰਨੀ, ਕਰਨਵੀਰ, ਜਸਪ੍ਰੀਤ, ਦਿਲਰਾਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।