13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਮੋਟਰਾਂ ਨੂੰ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਬਿਜਲੀ ਦਫ਼ਤਰ ਮੂਹਰੇ ਲਗਾਇਆ ਧਰਨਾ

ਅਜੀਤ ਡੈਸਕ 23-06-2026
ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡਾਂ ਕੋਟਲੀ, ਗਧਰਾਮ, ਗੱਗੋਂ ਤਾਲਾਪੁਰ, ਭੱਕੂਮਾਜਰਾ, ਮਕੜੋਨਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਸੰਬੰਧਿਤ ਪਿੰਡਾਂ ਦੀਆਂ ਮੋਟਰਾਂ ਨੂੰ ਬਿਜਲੀ ਦੀ ਸਪਲਾਈ ਸਹੀ ਨਾ ਮਿਲਣ ਕਾਰਨ ਅੱਜ ਬਾਅਦ ਦੁਪਹਿਰ ਸਥਾਨਕ ਬਿਜਲੀ ਦਫ਼ਤਰ ਮੂਹਰੇ ਧਰਨਾ ਲਗਾਇਆ। ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਤੇ ਸੁੱਖਵਿੰਦਰ ਸਿੰਘ ਗੱਗੋਂ ਦੀ ਅਗਵਾਈ ਹੇਠ ਲਗਾਏ ਧਰਨੇ ਸੰਬੰਧੀ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਗਧਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਨ ਸਮੇਂ ਮੋਟਰਾਂ ਨੂੰ ਸਪਲਾਈ ਦੇਣ ਦੇ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ, ਪਿੱਛਲੇ ਕਈ ਦਿਨਾਂ ਤੋਂ ਕੋਟਲੀ ਤੇ ਪੀ. ਐਸ. ਟੀ. ਸੀ. ਫੀਡਰਾਂ ਨਾਲ ਸੰਬੰਧਿਤ ਮੋਟਰਾਂ ਦੀ ਸਪਲਾਈ ਕਾਫੀ ਪ੍ਰਭਾਵਿਤ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਵਲੋਂ ਕਈ ਵਾਰ ਸ਼ਿਕਾਇਤ ਦਰਜ ਕਰਵਾਈ ਪਰ ਠੀਕ ਨਾ ਹੋਣ ਕਰਕੇ ਝੋਨੇ ਦੀ ਲੁਆਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਹੜਾ ਝੋਨਾ ਲਗਾਇਆ ਉਹ ਵੀ ਪਾਣੀ ਬਿਨ੍ਹਾਂ ਸੁੱਕ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਬਿਜਲੀ ਵਿਭਾਗ ਵਲੋਂ ਵਾਰ ਵਾਰ ਬਿਜਲੀ ਠੀਕ ਕਰਨ ਦੇ ਦਿੱਤੇ ਜਾ ਰਹੇ ਭਰੋਸੇ ਦੇ ਬਾਵਜੂਦ ਵੀ ਜਦੋਂ ਬਿਜਲੀ ਨਾ ਮਿਲੀ ਤਾਂ ਉਨ੍ਹਾਂ ਨੂੰ ਮਜਬੂਰਨ ਧਰਨੇ ’ਤੇ ਬੈਠਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਸਪਲਾਈ ਸਹੀ ਰੂਪ ਵਿਚ ਨਾ ਮਿਲੀ ਤਾਂ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਸਾਧੂ ਸਿੰਘ ਸਾਬਕਾ ਸਰਪੰਚ ਤਾਲਾਪੁਰ,ਸੁਖਵਿੰਦਰ ਸਿੰਘ ਪ੍ਰਧਾਨ, ਹਰਚੰਦ ਸਿੰਘ ਤਾਲਾਪੁਰ,ਜਗਦੀਪ ਸਿੰਘ ਸੱਲ੍ਹੋਮਾਜਰਾ, ਮਨਿੰਦਰ ਸਿੰਘ ਨੰਬਰਦਾਰ ਗੱਗੋ, ਹਰਜੋਤ ਸਿੰਘ ਗੱਗੋਂ, ਮਲਕੀਤ ਸਿੰਘ ਗੱਗੋਂ, ਮਲਕੀਤ ਸਿੰਘ ਗੱਗੋਂ, ਮਲਕੀਤ ਸਿੰਘ ਤਾਲਾਪੁਰ ਆਦਿ ਸਮੇਤ ਕਈ ਕਿਸਾਨ ਹਾਜ਼ਰ ਸਨ।
ਕੀ ਕਹਿਣਾ ਹੈ ਐਸ. ਡੀ. ਓ. ਦਾ
ਇਸ ਸੰਬੰਧੀ ਸਥਾਨਕ ਐਸ. ਡੀ. ਓ. ਨੇ ਦੱਸਿਆ ਕਿ ਉਕਤ ਫੀਡਰ ਵਿਚ ਅੱਜ ਪਏ ਮੀਂਹ ਕਾਰਨ ਨੁਕਸ ਨੂੰ ਜੇ. ਈ. ਅਤੇ ਹੋਰ ਅਮਲਾ ਠੀਕ ਕਰਨ ’ਤੇ ਲੱਗਾ ਹੋਇਆ ਹੈ, ਜਿਸ ਨੂੰ ਜਲਦੀ ਠੀਕ ਕਰਕੇ ਮੋਟਰਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਸੰਗੀਤਕਾਰ ਡੇਂਜਰ-ਬੀਟ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਅਗਲੀ ਖ਼ਬਰ ਝਾਂਡੀਆਂ ਕਲਾਂ ਵਿਖੇ ਬਾਬਾ ਬਾਲਕ ਨਾਥ ਮੰਦਰ ਵਿਚ ਸਾਲਾਨਾ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।