08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸ਼ੇਰ -ਏ -ਪੰਜਾਬ ਦੀ ਬਰਸੀ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਨੇ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ

ਅਜੀਤ ਡੈਸਕ 22-06-2026


ਰੂਪਨਗਰ, 21 ਜੂਨ (ਯਸ਼ਵੰਤ ਬੱਸੀ)-ਇਸ ਮਹੀਨੇ ਦੇ ਅੰਤਲੇ ਦਿਨਾਂ ‘ਚ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਜਾਵੇਗੀ । ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਤੋਂ ਵੀ ਜ਼ਾਇਰੀਨ ਲਾਹੌਰ ਪਹੁੰਚ ਕੇ ਸ਼ੇਰ-ਏ-ਪੰਜਾਬ ਦੀ ਸਮਾਧ ਤੇ ਸ਼ਰਧਾ ‘ਤੇ ਸਤਿਕਾਰ ਨਾਲ ਨਤਮਸਤਕ ਹੋਣਗੇ । ਪਰ ਇਸਦੇ ਉਲਟ ਰੂਪਨਗਰ ‘ਚ ਸਥਿਤ ਮਹਾਰਾਜਾ ਰਣਜੀਤ ਸਿੰਘ ਬਾਗ਼ ‘ਚ ਸ਼ਰਾਰਤੀ ਅਨਸਰਾਂ ਨੇ ਸ਼ੇਰ-ਏ -ਪੰਜਾਬ ਦੇ ਬੁੱਤ ਦੀ ਭੰਨਤੋੜ ਕਰਨ ਦੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ । ਪ੍ਰਸ਼ਾਸਨ ਤੋਂ ਇਲਾਵਾ ਬਾਗ਼ ਦੇ ਰੱਖ ਰਖਾਅ ਲਈ ਹਰ ਸਮੇਂ ਕਾਰਜਸ਼ੀਲ ਮਹਾਰਾਜਾ ਰਣਜੀਤ ਸਿੰਘ ਵਾਤਾਵਰਨ ਅਤੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਚਰਨ ਸਿੰਘ ਕਪੂਰ ਅਤੇ ਵਿਨੋਦ ਕੁਮਾਰ ਸ਼ਰਮਾ ਨੇ ਬੁੱਤ ਦੀ ਭੰਨਤੋੜ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਇਸ ਬੁੱਤ ਨੂੰ ਰੰਗ ਰੋਗਨ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬਾਗ਼ ਵਿਚੋਂ ਗਰਿਲਾਂ, ਤਾਰਾਂ ਅਤੇ ਬੈਟਰੀਆਂ ਦੀ ਚੋਰੀ ਹੋ ਚੁੱਕੀ ਹੈ । ਬਾਗ਼ ਦੀ ਸਾਂਭ ਸੰਭਾਲ ‘ਚ ਯੋਗਦਾਨ ਪਾਉਣ ਵਾਲੇ ਪ੍ਰਿੰਸੀਪਲ ਅਵਤਾਰ ਸਿੰਘ ਅਤੇ ਪ੍ਰਿੰਸੀਪਲ ਜਗਜੀਤ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਤੱਤਾਂ ਦੀ ਇਸ ਘਿਣਾਉਣੀ ਹਰਕਤ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਪਰ ਉਹ ਰੱਖ ਰਖਾਅ ਦੇ ਕੰਮਾਂ ਨੂੰ ਹਰ ਹੀਲੇ ਜਾਰੀ ਰੱਖਣਗੇ । ਇਹਨਾਂ ਤੋਂ ਇਲਾਵਾ ਬਾਗ਼ ਨਾਲ ਸਨੇਹ ਰੱਖਣ ਵਾਲੇ ਹੋਰ ਵਿਅਕਤੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਸਜਾਵਟ ਦੇ ਨਾਲ-ਨਾਲ ਬਾਗ਼ ਵਿਚਲੇ ਸਮਾਨ ਦੀ ਸੁਰੱਖਿਆ ਲਈ ਰੌਸ਼ਨੀ ਅਤੇ ਨਿਗਰਾਨ ਕੈਮਰਿਆਂ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਜਾਵੇ । ਹਨੇਰੇ ਕਾਰਨ ਸਮਾਜ ਵਿਰੋਧੀ ਤੱਤਾਂ ਨੂੰ ਭੰਨ ਤੋੜ ਤੇ ਚੋਰੀ ਕਰਨ ਲਈ ਮੌਕਾ ਮਿਲ ਜਾਂਦਾ ਹੈ । ਪੁਲਿਸ ਪ੍ਰਸ਼ਾਸਨ ਦੀ ਚੌਕਸੀ ਤੇ ਨਿਗਰਾਨੀ ਨਾਲ ਅਜਿਹੇ ਅਨਸਰਾਂ ਦੀਆਂ ਸਮਾਜ ਵਿਰੋਧੀ ਕਾਰਵਾਈਆਂ ਨੂੰ ਨੱਥ ਪਾਈ ਜਾ ਸਕਦੀ ਹੈ । ਜਿਸ ਨਾਲ ਬਾਗ਼ ਵਿਚਲੇ ਸਾਜ਼ੋ ਸਮਾਨ ਦਾ ਬਚਾਅ ਹੋਣ ਦੇ ਨਾਲ ਇੱਥੇ ਆਉਣ ਵਾਲੇ ਸ਼ਹਿਰ ਵਾਸੀ ਵੀ ਸੁਰੱਖਿਅਤ ਮਹਿਸੂਸ ਕਰਨਗੇ।

ਪਿਛਲੀ ਖ਼ਬਰ ਸੰਤ ਬਾਬਾ ਬਾਲ ਜੀ ਦਾ ਵਿਸ਼ਾਲ ਸਤਿਸੰਗ ਤੇ ਭੰਡਾਰਾ ਅੱਜ-ਸੰਗਤਾਂ ਵਿਚ ਭਾਰੀ ਉਤਸ਼ਾਹ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।