02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪੁਲਿਸ ਮੁਕਾਬਲੇ ਮਗਰੋਂ 5 ਨਸ਼ਾ ਤਸਕਰ ਕਾਬੂ, 150 ਗ੍ਰਾਮ ਹੈਰੋਇਨ ਤੇ ਗੈਰ-ਕਾਨੂੰਨੀ ਪਿਸਤੌਲ ਬਰਾਮਦ

ਅਜੀਤ ਡੈਸਕ 19-06-2026
ਰੂਪਨਗਰ/ਨੰਗਲ, 18 ਜੂਨ (ਸਤਨਾਮ ਸਿੰਘ ਸੱਤੀ, ਪ੍ਰੀਤਮ ਸਿੰਘ ਬਰਾਰੀ)-ਰੂਪਨਗਰ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੁਲਿਸ ਮੁਕਾਬਲੇ ਤੋਂ ਬਾਅਦ 5 ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ 150 ਗ੍ਰਾਮ ਹੈਰੋਇਨ, ਇੱਕ ਗੈਰ-ਕਾਨੂੰਨੀ .32 ਬੋਰ ਪਿਸਤੌਲ, ਪੰਜ ਜ਼ਿੰਦਾ ਕਾਰਤੂਸ ਅਤੇ ਇੱਕ ਹੁੰਡਈ ਐਕਸੈਂਟ ਕਾਰ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਪੁਲਿਸ ਪੋਸਟ ਨਯਾ ਨੰਗਲ ਦੀ ਟੀਮ ਨੇ ਨਾਕਾਬੰਦੀ ਕਰਕੇ ਇੱਕ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਸਵਾਰ ਵਿਅਕਤੀਆਂ ਨੇ ਪੁਲਿਸ ਪਾਰਟੀ ਉੱਤੇ ਗੋਲੀਆਂ ਚਲਾਉਂਦਿਆਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਰੀਬ 10 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਪਿੰਡ ਬ੍ਰਹਮਪੁਰਾ ਨੇੜੇ ਕਾਰ ਨੂੰ ਘੇਰ ਕੇ ਰੋਕ ਲਿਆ। ਐਸ.ਐਸ.ਪੀ. ਅਨੁਸਾਰ ਕਾਰਵਾਈ ਦੌਰਾਨ ਇੱਕ ਦੋਸ਼ੀ ਨੇ ਮੁੜ ਪੁਲਿਸ ਉੱਤੇ ਗੋਲੀ ਚਲਾਈ, ਜਿਸ ਦੇ ਜਵਾਬ ਵਿਚ ਪੁਲਿਸ ਵਲੋਂ ਆਤਮ-ਰੱਖਿਆ ਲਈ ਕੀਤੀ ਗਈ ਫਾਇਰਿੰਗ ਦੌਰਾਨ ਲਵਪ੍ਰੀਤ ਸਿੰਘ ਵਾਸੀ ਜੰਗਪੁਰਾ (ਮੋਹਾਲੀ) ਦੇ ਮੋਢੇ ’ਤੇ ਗੋਲੀ ਲੱਗੀ। ਉਸ ਨੂੰ ਤੁਰੰਤ ਕਾਬੂ ਕਰਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਹੋਰ ਦੋਸ਼ੀਆਂ ਦੀ ਪਛਾਣ ਰੋਹਿਤ ਵਾਸੀ ਹਿਸਾਰ, ਸ਼ੁਭਮ ਵਾਸੀ ਜੀਂਦ, ਪਰੀਕਸ਼ਿਤ ਵਾਸੀ ਸੋਨੀਪਤ ਅਤੇ ਲੇਹਮਸਤਕ ਪ੍ਰਤਾਪ ਸਿੰਘ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ, ਆਰਮਜ਼ ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ਦੇ ਪਿਛੋਕੜ ਤੇ ਨਸ਼ਾ ਤਸਕਰੀ ਨਾਲ ਜੁੜੇ ਹੋਰ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਐਸ.ਐਸ.ਪੀ. ਮਨਿੰਦਰ ਸਿੰਘ ਨੇ ਕਿਹਾ ਕਿ ਰੂਪਨਗਰ ਪੁਲਿਸ ਨਸ਼ਿਆਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ‘ਜ਼ੀਰੋ ਟੋਲਰੈਂਸ’ ਨੀਤੀ ਤਹਿਤ ਸਖ਼ਤ ਕਾਰਵਾਈ ਜਾਰੀ ਰੱਖੇਗੀ। ਇਸ ਮੌਕੇ ਐਸ.ਪੀ. ਰੂਪਨਗਰ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸ਼ਰਧਾ ਨਾਲ ਮਨਾਇਆ ਪੰਜਵੇਂ ਪਾਤਿਸ਼ਾਹ ਦਾ ਸ਼ਹੀਦੀ ਪੁਰਬ ਡਾ. ਬਰਜਿੰਦਰ ਸਿੰਘ ਹਮਦਰਦ, ਮੇ... ਅਗਲੀ ਖ਼ਬਰ ਐਸ.ਆਈ.ਆਰ. ਸੰਬੰਧੀ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਨੂੰ ਸਿਖਲਾਈ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।