21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਦੋ ਤਖ਼ਤਾਂ ਨੂੰ ਜੋੜਨ ਵਾਲੇ ਸੰਗਤਪੁਰ-ਠਾਣੇ ਪੁਲ ਹੇਠਾਂ ਡੀਸਿਲਟਿੰਗ ਨੂੰ ਲੈ ਕੇ ਤਣਾਅ <br/>

ਸੰਗਤਪੁਰ-ਠਾਣੇ ਪੁਲ ਹੇਠਾਂ ਡੀਸਿਲਟਿੰਗ ਦੇ ਵਿਰੋਧ 'ਚ ਇਕੱਠੇ ਹੋਏ ਕਿਸਾਨ ਅਤੇ ਸੰਘਰਸ਼ੀ ਜਥੇਬੰਦੀਆਂ ਦੇ ਆਗੂ | (ਸੱਜੇ) ਮੌਕੇ 'ਤੇ ਸੰਘਰਸ਼ਕਾਰੀਆਂ ਨਾਲ ਗੱਲਬਾਤ ਕਰਦੇ ਮਾਈਨਿੰਗ ਵਿਭਾਗ, ਪੁਲਿਸ ਅਧਿਕਾਰੀ ਤੇ ਹੋਰ ਆਗੂ | ਤਸਵੀਰਾਂ : ਢੀਂਡਸਾ <br/> 24-05-2026
ਨੂਰਪੁਰ ਬੇਦੀ/ਕਾਹਨਪੁਰ ਖੂਹੀ, 23 ਮਈ (ਹਰਦੀਪ ਸਿੰਘ ਢੀਂਡਸਾ, ਗੁਰਵੀਰ ਸਿੰਘ ਵਾਲੀਆ)- ਦੋ ਤਖ਼ਤਾਂ ਨੂੰ ਜੋੜਨ ਵਾਲੇ ਸਤਲੁਜ ਦਰਿਆ 'ਤੇ ਸਥਿਤ ਸੰਗਤਪੁਰ-ਠਾਣੇ ਪੁਲ ਹੇਠਾਂ ਚੱਲ ਰਹੀ ਡੀਸਿਲਟਿੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਵੱਖ-ਵੱਖ ਕਿਸਾਨ ਤੇ ਸੰਘਰਸ਼ੀ ਜਥੇਬੰਦੀਆਂ ਵਲੋਂ ਬੁਲਾਈ ਗਈ ਮੀਟਿੰਗ ਦੌਰਾਨ ਕੁੱਝ ਲੋਕਾਂ ਨੇ ਖਲਲ ਪਾਉਣ ਦੀ ਕੋਸ਼ਿਸ਼ ਕੀਤੀ | ਇਸ ਦੇ ਵਿਰੋਧ ਵਿਚ ਸੰਘਰਸ਼ਕਾਰੀਆਂ ਨੇ ਪੁਲ ਉੱਪਰ ਕਰੀਬ ਅੱਧਾ ਘੰਟਾ ਜਾਮ ਲਗਾ ਦਿੱਤਾ ਜਿਸ ਕਾਰਨ ਅਨੰਦਪੁਰ ਸਾਹਿਬ-ਅੰਮਿ੍ਤਸਰ ਮਾਰਗ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਮੀਟਿੰਗ ਵਿਚ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ, ਜਮਹੂਰੀ ਕਿਸਾਨ ਸਭਾ ਤੇ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਧਰਮਪਾਲ ਸੈਣੀ ਮਾਜਰਾ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਰਣਵੀਰ ਸਿੰਘ ਕੁਰੜ ਤੇ ਮਾ. ਅਮਰੀਕ ਸਿੰਘ ਸਮੀਰੋਵਾਲ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ | ਆਗੂਆਂ ਨੇ ਦੋਸ਼ ਲਾਇਆ ਕਿ ਪੁਲ ਦੇ ਬਿਲਕੁਲ ਨੇੜੇ ਡੀਸਿਲਟਿੰਗ ਦੇ ਨਾਮ 'ਤੇ ਰੇਤ ਤੇ ਬਜਰੀ ਚੁੱਕੀ ਜਾ ਰਹੀ ਹੈ, ਜਿਸ ਨਾਲ ਪੁਲ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ | ਸੰਘਰਸ਼ੀ ਆਗੂਆਂ ਨੇ ਕਿਹਾ ਕਿ ਪਹਿਲਾਂ ਪੁਲ ਦੇ ਦੋਹਾਂ ਪਾਸਿਆਂ ਬੋਰਡ ਲੱਗੇ ਹੁੰਦੇ ਸਨ ਜਿਨ੍ਹਾਂ 'ਤੇ ਪੁਲ ਤੋਂ 400 ਮੀਟਰ ਤੱਕ ਹਰ ਕਿਸਮ ਦੀ ਮਾਈਨਿੰਗ 'ਤੇ ਰੋਕ ਦਰਜ ਸੀ ਪਰ ਹੁਣ ਉਹ ਬੋਰਡ ਗਾਇਬ ਹਨ | ਉਨ੍ਹਾਂ ਮੰਗ ਕੀਤੀ ਕਿ ਮਾਈਨਿੰਗ ਵਿਭਾਗ ਇਹ ਸਪਸ਼ਟ ਕਰੇ ਕਿ ਡੀਸਿਲਟਿੰਗ ਲਈ ਮਨਜ਼ੂਰੀ ਕਿਸ ਆਧਾਰ 'ਤੇ ਦਿੱਤੀ ਗਈ ਹੈ ਤੇ ਕੀ ਇਸ ਨਾਲ ਪੁਲ ਦੀ ਮਜ਼ਬੂਤੀ 'ਤੇ ਕੋਈ ਅਸਰ ਨਹੀਂ ਪਵੇਗਾ |
ਚਾਰ ਫੁੱਟ ਤੋਂ ਵੱਧ ਡੀਸਿਲਟਿੰਗ ਨਹੀਂ ਹੋਵੇਗੀ- ਐਸ.ਡੀ.ਓ. ਮਾਈਨਿੰਗ
ਮੌਕੇ 'ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਐਸ.ਡੀ.ਓ. ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲ ਦੇ ਸ੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਪਿਲਰਾਂ ਅੱਗੇ ਜਮ੍ਹਾ ਰੇਤ-ਬਜਰੀ ਹਟਾ ਕੇ ਪਾਣੀ ਦੇ ਨਿਕਾਸ ਲਈ ਰਸਤਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਡੀਸਿਲਟਿੰਗ ਚਾਰ ਫੁੱਟ ਤੋਂ ਵੱਧ ਨਹੀਂ ਹੋਣ ਦਿੱਤੀ ਜਾਵੇਗੀ ਤੇ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਮੇਰਾ ਰੇਤ, ਮੇਰੀ ਖੇਤ' ਨੀਤੀ ਤਹਿਤ ਕੀਤੀ ਜਾ ਰਹੀ ਹੈ | ਇਸ ਦੌਰਾਨ ਪਿੰਡ ਹਰਸਾ ਬੇਲਾ ਦੇ ਕੁੱਝ ਵਿਅਕਤੀਆਂ ਵਲੋਂ ਮੀਟਿੰਗ ਵਿੱਚ ਵਾਰ-ਵਾਰ ਦਖਲਅੰਦਾਜ਼ੀ ਕੀਤੀ ਗਈ, ਜਿਸ ਨਾਲ ਮਾਹੌਲ ਹੋਰ ਗਰਮਾ ਗਿਆ | ਸੰਘਰਸ਼ਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਡੀਸਿਲਟਿੰਗ ਜਾਂ ਮਾਈਨਿੰਗ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸੇ ਜੱਦੋ-ਜਹਿਦ ਦੌਰਾਨ ਕਾਂਗਰਸ ਪਾਰਟੀ ਦੇ ਆਗੂ ਵਰਿੰਦਰ ਸਿੰਘ ਢਿੱਲੋਂ ਵੀ ਮੌਕੇ 'ਤੇ ਪਹੁੰਚੇ | ਇਸ ਦੌਰਾਨ ਐਸ.ਡੀ.ਓ. ਮਾਈਨਿੰਗ ਨਾਲ ਦਸਤਾਵੇਜ਼ ਮੌਕੇ 'ਤੇ ਹੀ ਦੇਣ ਜਾਂ ਪੂਰੀ ਕਾਰਗੁਜ਼ਾਰੀ ਲਿਖਤੀ ਰੂਪ ਵਿੱਚ ਸੌਂਪਣ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਤਿੱਖੀ ਤਕਰਾਰ ਵੀ ਹੋਈ |
ਪੁਲਿਸ ਨੇ ਸੰਭਾਲੀ ਸਥਿਤੀ
ਥਾਣਾ ਮੁਖੀ ਜਤਿਨ ਕਪੂਰ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ 'ਤੇ ਤਾਇਨਾਤ ਰਹੀ | ਕਰੀਬ ਚਾਰ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਪੁਲਿਸ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸੰਘਰਸ਼ਕਾਰੀਆਂ ਨਾਲ ਗੱਲਬਾਤ ਕਰਕੇ ਸਥਿਤੀ 'ਤੇ ਕਾਬੂ ਪਾਇਆ | ਬਾਅਦ ਵਿਚ ਮਾਈਨਿੰਗ ਦਫ਼ਤਰ ਵਿਚ ਹੋਈ ਮੀਟਿੰਗ ਦੌਰਾਨ ਵਿਭਾਗ ਵਲੋਂ ਹਰਸਾ ਵੇਲਾ ਤੇ ਅਗੰਮਪੁਰ ਦੇ ਡੀਸਿਲਟਿੰਗ ਪੁਆਇੰਟਾਂ ਦੀ ਜਾਣਕਾਰੀ ਸੰਘਰਸ਼ਕਾਰੀਆਂ ਨੂੰ ਸੌਂਪੀ ਗਈ | ਸੰਘਰਸ਼ੀ ਆਗੂਆਂ ਨੇ ਕਿਹਾ ਕਿ ਜੇਕਰ ਤਿੰਨਾਂ ਪਿੰਡਾਂ ਦੇ ਲੋਕ ਸੰਤੁਸ਼ਟ ਨਾ ਹੋਏ ਜਾਂ ਪ੍ਰਕਿਰਿਆ ਵਿਚ ਕੋਈ ਵੀ ਗੜਬੜ ਸਾਹਮਣੇ ਆਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਲਾਕੇ ਵਿਚ ਗੈਰ-ਕਾਨੂੰਨੀ ਮਾਈਨਿੰਗ 'ਤੇ ਕਾਰਵਾਈ ਨਹੀਂ ਹੋ ਰਹੀ ਤੇ ਬਾਹਰੀ ਲੋਕਾਂ ਦੀ ਭੂਮਿਕਾ 'ਤੇ ਵੀ ਸਵਾਲ ਖੜੇ ਕੀਤੇ | ਦੇਰ ਸ਼ਾਮ ਤੱਕ ਇਲਾਕੇ ਵਿਚ ਤਣਾਅਪੂਰਨ ਮਾਹੌਲ ਬਣਿਆ ਰਿਹਾ ਹਾਲਾਂਕਿ ਵਿਭਾਗ ਨੇ ਸੰਬੰਧਿਤ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਵਿਚ ਲੈ ਕੇ ਅਗਲਾ ਫੈਸਲਾ ਕਰਨ ਦਾ ਭਰੋਸਾ ਦਿੱਤਾ ਹੈ | ਇਸ ਮੌਕੇ ਗੁਰਪ੍ਰੀਤ ਸਿੰਘ, ਅਜਮੇਰ ਸਿੰਘ, ਸੂਬੇਦਾਰ ਰੋਸ਼ਨ ਲਾਲ, ਗੁਰਦੇਵ ਸਿੰਘ, ਅਵਤਾਰ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟਰਮੀਨੇਸ਼ਨ ਸ਼ੋਕਾਜ ਨੋਟਿਸਾਂ ਖ਼ਿਲਾਫ਼ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ <br/> ਅਗਲੀ ਖ਼ਬਰ ਮਾਮਲਾ ਉਸਾਰੀ ਰੁਕਵਾਉਣ ਦਾ ਬੀ.ਬੀ.ਐਮ.ਬੀ. ਅਧਿਕਾਰੀ ਤੇ ਇਲਾਕਾ ਵਾਸੀ ਹੋਏ ਆਹਮੋ ਸਾਹਮਣੇ, ਸਥਿਤੀ ਬਣੀ ਤਣਾਅਪੂਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।