ਸ੍ਰੀ ਚਮਕੌਰ ਸਾਹਿਬ, 31 ਮਾਰਚ (ਜਗਮੋਹਣ ਸਿੰਘ ਨਾਰੰਗ)-ਦਿੱਲੀ ਦੇ ਸਾਬਕਾ ਡਿਪਟੀ ਸੀ.ਐਮ. ਅਤੇ 'ਆਪ' ਦੇ ਸੀਨੀਅਰ ਨੇਤਾ ਮਨੀਸ਼ ਸੁਸੋਦੀਆ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਨਿਰਮਾਣ ਅਧੀਨ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਅਦਿੱਤਿਆ ਡਚਲਵਾਲ ਡਿਪਟੀ ਕਮਿਸ਼ਨਰ ਰੂਪਨਗਰ ਸਮੇਤ ਕਈ ਵੱਡੇ ਅਧਿਕਾਰੀ ਮੋਜੂਦ ਸਨ | ਇਨ੍ਹਾਂ ਆਗੂਆਂ ਦਾ ਇਹ ਦੌਰਾ ਬਿਲਕੁਲ ਗੁਪਤ ਰੱਖਿਆ ਗਿਆ ਅਤੇ ਕਿਸੇ ਵੀ ਪੱਤਰਕਾਰ ਜਾਂ ਹੋਰ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ | ਜਾਣਕਾਰੀ ਅਨੁਸਾਰ ਇਸ ਮੌਕੇ ਮਨੀਸ਼ ਸੁਸੋਦੀਆ ਨੇ ਉੱਚ ਅਧਿਕਾਰੀਆਂ ਤੋਂ ਇੰਸਟੀਚਿਊਟ ਸਬੰਧੀ ਪੂਰੀ ਜਾਣਕਾਰੀ ਹਾਸਿਲ ਕੀਤੀ ਤੇ ਪਤਾ ਲੱਗਾ ਕਿ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਸਕਿੱਲ ਇੰਸਟੀਚਿਊਟ ਦੇ 59 ਕਰੋੜ ਦੀ ਲਾਗਤ ਨਾਲ 3 ਬਲਾਕ ਮੁਕਮੰਲ ਕੀਤੇ ਜਾ ਚੁੱਕੇ ਹਨ | ਇਹ ਵੀ ਦੱਸਿਆ ਗਿਆ ਕਿ ਇਸ ਪ੍ਰੋਜੈਕਟ 'ਤੇ 125 ਕਰੋੜ ਰੁਪਏ ਦੇ ਕਰੀਬ ਖਰਚਾ ਆਉਣਾ ਹੈ | ਉਨ੍ਹਾਂ ਸ੍ਰੀ ਸੁਸੋਦੀਆ ਨੂੰ ਰਹਿੰਦੇ ਕੰਮ ਦੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਦੌਰਾਨ ਸ੍ਰੀ ਸੁਸੋਦੀਆ ਨੇ ਸਿੱਖਿਆ ਮੰਤਰੀ ਸਮੇਤ ਸਮੂਹ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਦੱਸੀ ਜਾ ਰਹੀ ਹੈ | ਇਸ ਮੌਕੇ ਸੈਕਟਰੀ, ਪਰਦੀਪ ਸਿੰਘ ਬੈਂਸ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ, ਐਕਸੀਅਨ ਪੀ.ਡਬਲਿਯੂ.ਡੀ. ਸਮੇਤ ਕਈ ਅਧਿਕਾਰੀ ਹਾਜ਼ਰ ਸਨ | ਇੱਥੇ ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦਾ ਕਾਂਗਰਸ ਸਰਕਾਰ ਮੌਕੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਵਲੋਂ ਰੱਖਿਆ ਗਿਆ ਸੀ, ਉਦੋਂ ਕੈਬਨਿਟ ਮੰਤਰੀ ਤੇ ਬਾਅਦ ਵਿਚ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਪ੍ਰੋਜੈਕਟ ਵਿਚ ਬੜੀ ਤੇਜੀ ਨਾਲ ਨਿਰਮਾਣ ਕਰਵਾਇਆ ਸੀ ਅਤੇ ਸਰਕਾਰ ਬਦਲਦਿਆਂ ਇਹ ਪ੍ਰੋਜੈਕਟ ਅਧੀਨ ਬਣੀਆਂ ਇਮਾਰਤਾਂ ਖੰਡਰ ਦਾ ਰੂਪ ਧਾਰਨ ਕਰ ਰਹੀਆਂ ਸਨ |