ਰੂਪਨਗਰ, 31 ਮਾਰਚ (ਸਤਨਾਮ ਸਿੰਘ ਸੱਤੀ)-ਰਸੋਈ ਗੈਸ ਸਿਲੰਡਰਾਂ ਦੀ ਕਮੀ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਇਲਾਕੇ ਦੀਆਂ ਵੱਖ-ਵੱਖ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਮਹੱਤਵਪੂਰਨ ਮੀਟਿੰਗ ਕਰਕੇ ਗੈਸ ਵੰਡ ਪ੍ਰਣਾਲੀ ਵਿਚ ਆ ਰਹੀਆਂ ਖਾਮੀਆਂ 'ਤੇ ਗੰਭੀਰ ਚਰਚਾ ਕੀਤੀ | ਇਸ ਦੌਰਾਨ ਉਨ੍ਹਾਂ ਨੇ ਏਜੰਸੀ ਮਾਲਕਾਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਰਸੋਈ ਗੈਸ ਵਰਗੀਆਂ ਜ਼ਰੂਰੀ ਸਹੂਲਤਾਂ ਲਈ ਲਾਈਨਾਂ ਵਿਚ ਖੜ੍ਹਾ ਰਹਿਣਾ ਕਦੇ ਵੀ ਕਬੂਲਯੋਗ ਨਹੀਂ | ਉਨ੍ਹਾਂ ਚੇਤਾਵਨੀ ਦਿੱਤੀ ਕਿ ਵਾਧੂ ਰਕਮ ਵਸੂਲੀ, ਕਾਲਾ ਬਜ਼ਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ 'ਤੇ ਲਾਇਸੰਸ ਤੱਕ ਰੱਦ ਕੀਤਾ ਜਾ ਸਕਦਾ ਹੈ | ਚੱਢਾ ਨੇ ਕਿਹਾ ਕਿ ਗੈਸ ਦੀ ਕਮੀ ਪੈਦਾ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਗੰਭੀਰ ਮਾਮਲਾ ਹੈ ਅਤੇ ਹਰ ਘਰ ਤੱਕ ਸਮੇਂ ਸਿਰ ਗੈਸ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਕਿਸੇ ਨੂੰ ਵੀ ਖਾਲੀ ਸਿਲੰਡਰ ਨਾਲ ਦਿਨ ਨਾ ਗੁਜ਼ਾਰਨਾ ਪਵੇ | ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸਮੇਤ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਆਦੇਸ਼ ਦਿੰਦਿਆਂ ਕਿਹਾ ਕਿ ਅਚਾਨਕ ਨਿਰੀਖਣ, ਸਟਾਕ ਦੀ ਜਾਂਚ ਅਤੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਹਕੀਕਤ ਜਾਣੀ ਜਾਵੇ |