ਸ੍ਰੀ ਅਨੰਦਪੁਰ ਸਾਹਿਬ, 29 ਮਾਰਚ (ਜੇ ਐਸ ਨਿੱਕੂਵਾਲ)-ਕੇਂਦਰ ਸਰਕਾਰ ਵਲੋਂ ਵਧ ਰਹੀਆਂ ਅੰਤਰਰਾਸ਼ਟਰੀ ਤੇਲ ਕੀਮਤਾਂ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਰਾਹਤ ਦੇਣ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ | ਪੈਟਰੋਲ 'ਤੇ ਆਬਕਾਰੀ ਡਿਊਟੀ 13 ਰੁਪਏ ਤੋਂ ਘਟਾ ਕੇ 3 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ, ਜਦੋਂਕਿ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਡਿਊਟੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ | ਇਸ ਸਬੰਧੀ ਪੰਜਾਬ ਭਾਜਪਾ ਦੇ ਸਾਬਕਾ ਸਕੱਤਰ ਅਤੇ ਨੌਜਵਾਨ ਆਗੂ ਐਡਵੋਕੇਟ ਅਰਵਿੰਦ ਮਿੱਤਲ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਚੱਲ ਰਹੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਇੱਕ ਮਹੀਨੇ ਵਿਚ ਲਗਭਗ 70 ਡਾਲਰ ਪ੍ਰਤੀ ਬੈਰਲ ਤੋਂ ਵੱਧ ਕੇ 122 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ | ਇਸ ਦੇ ਪ੍ਰਭਾਵ ਨਾਲ ਦੁਨੀਆ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ | ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿਚ ਭਾਰਤ ਇੱਕ ਅਲੱਗ ਮਿਸਾਲ ਵਜੋਂ ਸਾਹਮਣੇ ਆਇਆ ਹੈ, ਜਿੱਥੇ ਸਰਕਾਰ ਨੇ ਲੋਕਾਂ 'ਤੇ ਬੋਝ ਪਾਉਣ ਦੀ ਬਜਾਏ ਖ਼ੁਦ ਭਾਰ ਸਹਾਰ ਕੇ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਮਹੰਤ ਲਛਮਣ ਦਾਸ, ਮੁਨੀਸ਼ ਕੇਅਰ ਪਾਲ, ਰਾਜੂ ਕੌਸ਼ਲ ਆਦਿ ਹਾਜ਼ਰ ਸਨ |