ਬੰੁਗਾ ਸਾਹਿਬ, 25 ਮਾਰਚ (ਸੁਖਚੈਨ ਸਿੰਘ ਰਾਣਾ)-ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਲੋਕਾਂ ਦੁਆਰਾ ਬੀ.ਬੀ.ਐਮ.ਬੀ. ਨੂੰ ਦਿੱਤੀ ਸੈਂਕੜੇ ਏਕੜ ਪਈ ਵਾਧੂ ਜ਼ਮੀਨ ਦੀ ਸੂਬਾ ਸਰਕਾਰ ਵਲੋਂ ਵਾਪਸ ਕਰਵਾਉਣ ਵਾਲੇ ਲਏ ਫ਼ੈਸਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਆਖਿਆ ਕਿ ਭਾਵੇਂ ਲਿਆ ਗਿਆ ਫ਼ੈਸਲਾ ਦੇਰ ਆਏ ਦਰੁਸਤ ਵਾਲਾ ਹੈ ਪ੍ਰੰਤੂ ਸੂਬਾ ਸਰਕਾਰ ਜ਼ਮੀਨ 'ਤੇ ਜਲਦ ਕਬਜ਼ਾ ਕਰਕੇ ਅਲਾਟਮੈਂਟ ਕਰਵਾਏ | ਇਸ ਮੌਕੇ ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸਮੇਂ ਬੀ.ਬੀ.ਐਮ.ਬੀ. ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਰੱਖੀ ਮੀਟਿੰਗ ਵਿਚ ਕੇਂਦਰੀ ਅਥਾਰਿਟੀ ਦੇ ਚੇਅਰਪਰਸਨ ਨੀਰਜ ਮਾਥਿਰ, ਬੀ.ਬੀ.ਐਮ.ਬੀ. ਦੇ ਚੇਅਰਮੈਨ ਅਤੇ ਚੀਫ਼ ਸੈਕਟਰੀ ਪੰਜਾਬ ਵਲੋਂ ਕੀਤੀ ਮੀਟਿੰਗ ਵਿਚ ਸਿਫ਼ਾਰਸ਼ ਪੰਜਾਬ ਦੇ ਹੱਕ ਵਿਚ ਕੀਤੀਆਂ ਗਈਆਂ ਪ੍ਰੰਤੂ ਬਾਅਦ ਵਿਚ ਆਈ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੋਈ ਪੈਰਵਾਈ ਨਾ ਕੀਤੀ ਗਈ | ਚੰਦੂਮਾਜਰਾ ਨੇ ਆਖਿਆ ਕਿ ਮੌਜੂਦਾ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਲਿਆ ਸਟੈਂਡ ਸੂਬੇ ਦੇ ਲੋਕਾਂ ਦੇ ਹਿਤ ਵਿਚ ਹੈ ਜਿਸ 'ਤੇ ਪਹਿਰਾ ਦਿੰਦਿਆਂ ਲਿਆ ਫ਼ੈਸਲਾ ਜਲਦ ਅਮਲ ਵਿਚ ਲਿਆਂਦਾ ਜਾਵੇ |