ਨੂਰਪੁਰ ਬੇਦੀ, 22 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਜਮਹੂਰੀ ਕਿਸਾਨ ਸਭਾ ਦੀ ਜ਼ਿਲ੍ਹਾ ਕਮੇਟੀ ਦੀ ਇਕ ਮਹੱਤਵਪੂਰਨ ਮੀਟਿੰਗ ਪ੍ਰਧਾਨ ਅਮਰੀਕ ਸਿੰਘ ਸਮੀਰੋਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਸੰਗਠਨ ਦੇ ਲੇਖਾ-ਜੋਖੇ ਦੀ ਸਮੀਖਿਆ ਨਾਲ ਹੋਈ, ਜਿਸ ਦੌਰਾਨ ਪਿਛਲੇ ਸਮੇਂ ਦੌਰਾਨ ਹੋਈਆਂ ਗਤੀਵਿਧੀਆਂ ਅਤੇ ਆਰਥਿਕ ਪ੍ਰਬੰਧਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਮੀਟਿੰਗ ਵਿਚ ਜਮਹੂਰੀ ਕਿਸਾਨ ਸਭਾ ਵਲੋਂ ਸੰਯੁਕਤ ਕਿਸਾਨ ਮੋਰਚਾ ਦੇ ਆਉਣ ਵਾਲੇ ਪ੍ਰੋਗਰਾਮਾਂ ਵਿਚ ਸਰਗਰਮ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਤਹਿਤ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਅਤੇ 12 ਫਰਵਰੀ ਨੂੰ ਐਲਾਨੀ ਗਈ ਕੁੱਲ ਹਿੰਦ ਹੜਤਾਲ ਵਿਚ ਸੰਗਠਨ ਦੀ ਮਜ਼ਬੂਤ ਹਾਜ਼ਰੀ ਯਕੀਨੀ ਬਣਾਉਣ ਲਈ ਡਿਊਟੀਆਂ ਤੈਅ ਕੀਤੀਆਂ ਗਈਆਂ | ਆਗੂਆਂ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਇੱਕਜੁੱਟਤਾ ਅਤੇ ਅਨੁਸ਼ਾਸਨ ਨਾਲ ਸੰਘਰਸ਼ ਜ਼ਰੂਰੀ ਹੈ | ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ 23 ਫਰਵਰੀ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਕ੍ਰਾਂਤੀਕਾਰੀ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਸਾਦਗੀ ਅਤੇ ਕ੍ਰਾਂਤੀਕਾਰੀ ਚੇਤਨਾ ਨਾਲ ਮਨਾਇਆ ਜਾਵੇਗਾ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਨਕਲਾਬੀ ਵਿਚਾਰਧਾਰਾ ਨਾਲ ਜੋੜਿਆ ਜਾ ਸਕੇ | ਮੀਟਿੰਗ ਦੇ ਅੰਤ ਵਿਚ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਵਾਈਸ ਪ੍ਰਧਾਨ ਮੋਹਨ ਸਿੰਘ ਧਮਾਣਾਂ, ਜਰਨੈਲ ਸਿੰਘ ਜੇਤੇਵਾਲ, ਧਰਮਪਾਲ ਸੈਣੀ, ਹਜ਼ਾਰਾ ਸਿੰਘ, ਪਰਮਿੰਦਰ ਸਿੰਘ, ਬਲਵੀਰ ਸਿੰਘ, ਯੋਗਰਾਜ ਧਾਦਲੀ, ਕੁਲਵੰਤ ਸਿੰਘ, ਧਰਮਪਾਲ ਟਿੱਬਾ ਟੱਪਰੀਆਂ, ਛੋਟੂ ਰਾਮ, ਦਰਸ਼ਨ ਬੜਵਾ ਅਤੇ ਕਿਰਪਾਲ ਸਿੰਘ ਭੱਟੋ ਸਮੇਤ ਹੋਰ ਆਗੂ ਹਾਜ਼ਰ ਸਨ |