ਗੁਰੂ ਕਾ ਲਾਹੌਰ, 22 ਜਨਵਰੀ (ਸ਼ਿਵ ਕੁਮਾਰ ਕਾਲੀਆ)-ਦਸਮੇਸ਼ ਵਿਆਹ ਪੁਰਬ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਰ ਦੇ ਵਿਚ ਸੰਗਤਾਂ ਗੁਰੂ ਕਾ ਲਾਹੌਰ ਵਿਖੇ ਪਹੁੰਚਦੀਆਂ ਹਨ, ਇੱਥੇ ਪਹੁੰਚਣ ਦੇ ਲਈ ਹਿਮਾਚਲ ਸਰਕਾਰ ਵਲੋਂ ਲਗਾਇਆ ਗਿਆ ਟੋਲ ਵੈਰੀਅਰ ਜੋ ਕਿ ਸੁਹੇਲਾ ਘੋੜਾ ਦੇ ਨਜ਼ਦੀਕ ਪੈਂਦਾ ਹੈ | ਹਮੇਸ਼ਾ ਹੀ ਲੜਾਈ ਝਗੜਿਆਂ ਦਾ ਕਾਰਨ ਬਣਦਾ ਸੀ | ਜਿਸ ਨੂੰ ਵੇਖਦੇ ਹੋਏ ਡਾਕਟਰ ਦਲਜੀਤ ਸਿੰਘ ਭਿੰਡਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਮਾਚਲ ਪ੍ਰਦੇਸ਼ ਵਲੋਂ ਇਸ ਟੋਲ ਵੈਰੀਅਰ ਨੂੰ ਮੇਲੇ ਦੌਰਾਨ ਬੰਦ ਕਰਵਾਉਣ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ | ਜਿਨ੍ਹਾਂ ਕੋਸ਼ਿਸ਼ਾਂ ਦੇ ਕਾਰਨ ਇਹ ਟੋਲ ਵੈਰੀਅਰ ਦਸਮੇਸ਼ ਵਿਆਹ ਪੁਰਬ ਸਮਾਗਮ 'ਤੇ ਗੁਰੂ ਕਾ ਲਾਹੌਰ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਮੁਫ਼ਤ ਹੁੰਦਾ ਹੈ | ਅੱਜ ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਜਥੇਦਾਰ ਦਲਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਉਹ ਇਸ ਕਾਰਜ ਦੇ ਲਈ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਆਪਣੀ ਕੋਸ਼ਿਸ਼ ਸਦਕਾ ਇਹ ਟੋਲ ਵੈਰੀਅਲ ਸੰਗਤਾਂ ਦੇ ਲਈ ਮੁਫ਼ਤ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਇਹ ਟੋਲ ਵੈਰੀਅਲ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਅਣਥੱਕ ਕੋਸ਼ਿਸ਼ ਦੇ ਨਾਲ ਬੰਦ ਕਰਵਾਇਆ ਜਾ ਰਿਹਾ ਹੈ ਤਾਂ ਜੋ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਏ |