ਰੂਪਨਗਰ, 22 ਜਨਵਰੀ (ਸਤਨਾਮ ਸਿੰਘ ਸੱਤੀ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਇੰਚਾਰਜ ਚੰਡੀਗੜ੍ਹ, ਸਾਬਕਾ ਮੈਂਬਰ ਪਾਰਲੀਮੈਂਟ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਕ ਮਹੱਤਵਪੂਰਣ ਐਲਾਨ ਕਰਦਿਆਂ ਕਿਹਾ ਕਿ ਬਸਪਾ ਦੀ 'ਪੰਜਾਬ ਸੰਭਾਲੋ ਮੁਹਿੰਮ' ਨੂੰ ਜ਼ਿਲ੍ਹਾ ਰੂਪਨਗਰ ਦੇ ਹਰ ਪਿੰਡ ਤੇ ਸ਼ਹਿਰ ਤੱਕ ਲਿਜਾਣ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿਚ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਰਟੀ ਦੇ ਤਜਰਬੇਕਾਰ ਅਤੇ ਸੀਨੀਅਰ ਆਗੂਆਂ ਨੂੰ ਖਾਸ ਡਿਊਟੀਆਂ ਸੌਂਪੀਆਂ ਗਈਆਂ ਹਨ, ਜੋ ਸਥਾਨਕ ਲੀਡਰਸ਼ਿਪ ਨਾਲ ਮਿਲ ਕੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬਸਪਾ ਦੀ ਲਹਿਰ ਨਾਲ ਜੋੜਣ ਲਈ ਕੰਮ ਕਰਨਗੇ | ਡਾ. ਕਰੀਮਪੁਰੀ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਪੰਜਾਬ ਦੇ ਗੰਭੀਰ ਮਸਲਿਆਂ, ਜਿਵੇਂ ਵਧ ਰਹੀ ਬੇਰੁਜ਼ਗਾਰੀ, ਨਸ਼ਿਆਂ ਦਾ ਫੈਲਾਅ, ਡਿੱਗਦੀ ਅਮਨ-ਕਾਨੂੰਨ ਸਥਿਤੀ, ਕਰਮਚਾਰੀਆਂ ਦਾ 16 ਪ੍ਰਤੀਸ਼ਤ ਮਹਿੰਗਾਈ ਭੱਤਾ, ਪੰਜਾਬ ਦੀ ਹਰ ਧੀ ਉੱਤੇ ਚਾਰ ਸਾਲਾਂ ਵਿਚ ਬਣਿਆ 48 ਹਜ਼ਾਰ ਰੁਪਏ ਦਾ ਸਰਕਾਰੀ ਕਰਜ਼ਾ ਤੇ ਦਲਿਤ-ਪਿੱਛੜੇ ਵਰਗਾਂ ਦੇ ਹੱਕਾਂ ਦੀ ਰਾਖੀ ਵਰਗੇ ਮੁੱਦਿਆਂ 'ਤੇ ਖ਼ਾਸ ਧਿਆਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਨ ਲਈ ਪਾਰਟੀ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ 'ਚਾਹ ਤੇ ਚਰਚਾ' ਪ੍ਰੋਗਰਾਮ ਕਰਵਾਏ ਜਾਣਗੇ, ਤਾਂ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਪਾਰਟੀ ਦੀਆਂ ਨੀਤੀਆਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਜਾ ਸਕੇ | ਕਰੀਮਪੁਰੀ ਨੇ ਰੂਪਨਗਰ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ-ਰਾਤ ਕੰਮ ਕਰੇ, ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਾਹ 'ਤੇ ਪਾਇਆ ਜਾ ਸਕੇ ਅਤੇ ਮਜ਼ਦੂਰ-ਕਿਸਾਨ ਵਰਗਾਂ ਨੂੰ ਮੌਜੂਦਾ ਸੰਕਟ ਤੋਂ ਬਾਹਰ ਕੱਢਿਆ ਜਾ ਸਕੇ | ਸਟੇਟ ਜ਼ੋਨ ਕੋਆਰਡੀਨੇਟਰ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਪੰਜਾਬ ਦੀਆਂ ਪਿੱਛੜੀਆਂ ਸ਼੍ਰੇਣੀਆਂ ਅਜੇ ਵੀ ਆਰਥਿਕ ਤੇ ਸਮਾਜਿਕ ਖੇਤਰ ਵਿਚ ਪਿੱਛੜੀਆਂ ਹੋਈਆਂ ਹਨ, ਇਸ ਲਈ ਦਲਿਤ ਤੇ ਪੱਛੜੇ ਵਰਗਾਂ ਨੂੰ ਆਪਣਾ ਭਾਈਚਾਰਕ ਏਕਜੁੱਟਤਾ ਮਜ਼ਬੂਤ ਕਰਦਿਆਂ ਮੁਹਿੰਮ ਨਾਲ ਡਟ ਕੇ ਜੁੜਣਾ ਚਾਹੀਦਾ ਹੈ | ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਨਨਹੇੜੀਆਂ ਨੇ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਪੂਰੇ ਜਜ਼ਬੇ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ ਬਾਲਸੰਡਾ, ਜ਼ਿਲ੍ਹਾ ਇੰਚਾਰਜ ਕੁਲਦੀਪ ਸਿੰਘ ਘਨੌਲੀ, ਐਡਵੋਕੇਟ ਚਰਨਜੀਤ ਸਿੰਘ ਘਈ, ਜ਼ਿਲ੍ਹਾ ਕੈਸ਼ੀਅਰ ਨਛੱਤਰ ਕਾਜਲ, ਹਲਕਾ ਪ੍ਰਧਾਨ ਗੁਰਨਾਮ ਸਿੰਘ, ਮੀਤ ਪ੍ਰਧਾਨ ਤਰਲੋਕ ਸਿੰਘ, ਸ਼ਹਿਰੀ ਪ੍ਰਧਾਨ ਸੁਰਜੀਤ ਲਾਲ, ਯੂਥ ਆਗੂ ਵਰਿੰਦਰ ਕੁਮਾਰ, ਕੁਲਦੀਪ ਸਿੰਘ ਕਕਰਾਲੀ ਆਦਿ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ |