ਘਨੌਲੀ, 22 ਜਨਵਰੀ (ਜਸਵੀਰ ਸਿੰਘ ਸੈਣੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਦੇ ਐੱਨ. ਆਰ. ਆਈ. ਵੀਰਾਂ ਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਸਲਾਨਾ ਗੁਰਮਤਿ ਸਮਾਗਮ 23 ਜਨਵਰੀ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਨੇੜਲੇ ਪਿੰਡ ਸਿੰਘਪੁਰਾ ਵਿਖੇ ਹੋ ਰਿਹਾ ਹੈ | ਇਸ ਸਬੰਧੀ ਸੁਰਜੀਤ ਸਿੰਘ ਸਾਬਕਾ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸੰਬੰਧ ਵਿਚ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 10 ਵਜੇ ਪੈਣ ਉਪਰੰਤ ਕੀਰਤਨੀ ਜਥਾ ਭਾਈ ਵੀਰਪਾਲ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ, ਸ਼੍ਰੋਮਣੀ ਢਾਡੀ ਜਥਾ ਭਾਈ ਪਰਮਜੀਤ ਸਿੰਘ ਕੁਰਾਲੀ, ਕਥਾਵਾਚਕ ਭਾਈ ਪਰਮਵੀਰ ਸਿੰਘ ਮਾਛੀਵਾੜੇ ਵਾਲੇ ਸੰਗਤਾਂ ਨੂੰ ਗੁਰੂ ਮਹਿਮਾ ਨਾਲ ਜੋੜਨਗੇ | ਸਮਾਗਮ ਦੀ ਸਮਾਪਤੀ 'ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ |