17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਾਮਲਾ ਸਰਕਾਰੀ ਸਕੂਲ ਚਨੌਲੀ ਬਸੀ ਦੀ ਇਕ ਕੰਪਿਊਟਰ ਫੈਕਲਟੀ ਅਧਿਆਪਕਾ ਡੈਪੂਟੇਸ਼ਨ 'ਤੇ ਭੇਜਣ ਦਾ ਪਿੰਡ ਚਨੌਲੀ ਬਸੀ ਦੇ ਲੋਕਾਂ ਨੇ ਕੀਤਾ ਰੋਸ ਦਾ ਪ੍ਰਗਟਾਵਾ <br/>

ਅਜੀਤ ਡੈਸਕ 23-01-2026
ਨੂਰਪੁਰ ਬੇਦੀ, 22 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦੀ ਇਕ ਕੰਪਿਊਟਰ ਫੈਕਲਟੀ ਅਧਿਆਪਕਾ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਦੁਬਾਰਾ ਚੰਡੀਗੜ੍ਹ ਨੇੜੇ ਕਿਸੇ ਹੋਰ ਸਕੂਲ ਵਿਚ ਡੈਪੂਟੇਸ਼ਨ ਤੇ ਭੇਜਣ ਦੇ ਵਿਰੋਧ ਵਿਚ ਗ੍ਰਾਮ ਪੰਚਾਇਤ ਪਿੰਡ ਚਨੌਲੀ, ਸਕੂਲ ਪ੍ਰਬੰਧਕੀ ਕਮੇਟੀ ਅਤੇ ਬੱਚਿਆਂ ਦੇ ਮਾਤਾ ਪਿਤਾ ਵਲੋਂ ਸਕੂਲ ਮੂਹਰੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ | ਪਿੰਡ ਵਾਸੀ ਸਕੂਲ ਦੀ ਪਿ੍ੰਸੀਪਲ ਨੂੰ ਮਿਲ ਕੇ ਉਕਤ ਅਧਿਆਪਕਾ ਨੂੰ ਫਾਰਗ ਨਾ ਕਰਨ ਲਈ ਬੇਨਤੀ ਵੀ ਕੀਤੀ | ਰੋਸ ਪ੍ਰਗਟ ਕਰਨ ਵਾਲੇ ਸਰਪੰਚ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਸਕੂਲ ਪ੍ਰਬੰਧਕੀ ਕਮੇਟੀ ਦੀ ਚੇਅਰਮੈਨ ਰਾਜ ਕੁਮਾਰੀ, ਗੁਰਵਿੰਦਰ ਸਿੰਘ ਨੰਬਰਦਾਰ, ਸ਼ਿੰਗਾਰਾ ਸਿੰਘ, ਜਸਵੰਤ ਸਿੰਘ, ਧਰਮਿੰਦਰ ਸਿੰਘ, ਕੁਲਦੀਪ ਸਿੰਘ ਕਾਲਾ, ਅਸ਼ੋਕ ਕੁਮਾਰ, ਰਵੀਪਾਲ ਬਸੀ, ਅੰਕੂ ਪੰਡਿਤ, ਕਮਲ ਠੇਕੇਦਾਰ, ਗੁਰਮੇਲ ਸਿੰਘ , ਜਸਵੀਰ ਸਿੰਘ ਜੱਸੀ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਜ਼ਬਰਦਸਤ ਕਾਰਨਾਮਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਉਕਤ ਅਧਿਆਪਕਾ ਡੈਪੂਟੇਸ਼ਨ ਤੇ ਹੈ | ਉਹ 14 ਜਨਵਰੀ ਨੂੰ ਮੁੜ ਸਕੂਲ ਵਿਚ ਆਈ ਸੀ ਤੇ ਇਕ ਹਫਤੇ ਬਾਅਦ 20 ਜਨਵਰੀ ਨੂੰ ਮੁੜ ਡੈਪੂਟੇਸ਼ਨ ਤੇ ਫਿਰ ਭੇਜ ਦਿੱਤੀ ਗਈ ਹੈ | ਲੋਕਾਂ ਨੇ ਦੱਸਿਆ ਕਿ ਚਨੋਲੀ ਬਸੀ ਸਕੂਲ ਵਿਚ ਸਿਰਫ ਦੋ ਕੰਪਿਊਟਰ ਫੈਕਲਟੀ ਅਧਿਆਪਕਾਂ ਦੀਆਂ ਅਸਾਮੀਆਂ ਹਨ | ਜਿਨਾਂ ਵਿੱਚੋਂ ਇੱਕ ਪਿਛਲੇ ਚਾਰ ਸਾਲਾਂ ਤੋਂ ਡੈਪੂਟੇਸ਼ਨ ਤੇ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੁੰਦਾ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਦਫਤਰ ਡਾਇਰੈਕਟੋਰੇਟ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਵਲੋਂ ਮਿਤੀ 6 ਜਨਵਰੀ 2026 ਨੂੰ ਹੁਕਮ ਜਾਰੀ ਕਰਦੇ ਹੋਏ 31 ਦਸੰਬਰ 2025 ਤੱਕ ਦੀਆਂ ਆਰਜੀ ਐਡਜਸਟਮੈਂਟਾਂ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਸਨ | 14 ਜਨਵਰੀ ਨੂੰ ਸਕੂਲ ਖੁੱਲੇ ਤਾਂ ਉਕਤ ਕੰਪਿਊਟਰ ਫੈਕਲਟੀ ਮੈਡਮ ਸਕੂਲ ਚਨੌਲੀ ਬਸੀ ਵਿਖੇ ਹਾਜ਼ਰ ਹੋ ਗਏ | ਸਿਰਫ ਇੱਕ ਹਫਤਾ ਵੀ ਨਹੀਂ ਸੀ ਹੋਇਆ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਟਰਾਂਸਫਰ ਸੈਲ ਦੇ ਡਿਪਟੀ ਡਾਇਰੈਕਟਰ ਵਲੋਂ ਮਿਤੀ 20 ਜਨਵਰੀ 2026 ਨੂੰ ਹੁਕਮ ਜਾਰੀ ਕਰਦੇ ਹੋਏ ਉਕਤ ਕੰਪਿਊਟਰ ਫੈਕਲਟੀ ਮੈਡਮ ਦੇ ਮੁੜ ਸ. ਸ. ਸ. ਸ. ਬਹਿਲੋਲਪੁਰ ਐੱਸ. ਏ. ਐੱਸ. ਨਗਰ ਲਈ ਡੈਪੂਟੇਸ਼ਨ ਦੇ ਹੁਕਮ ਕਰ ਦਿੱਤੇ ਗਏ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਚਨੌਲੀ ਬਸੀ ਸਕੂਲ ਵਿੱਚ ਇਸ ਸਮੇਂ ਇੱਕ ਸਾਇੰਸ ਅਧਿਆਪਕ, ਦੋ ਮੈਥ ਅਧਿਆਪਕ, ਇਕ ਡੀ.ਪੀ.ਈ. ਅਧਿਆਪਕ ਤੇ ਇਕ ਇਤਿਹਾਸ ਵਿਸ਼ੇ ਦੇ ਲੈਕਚਰਾਰ ਦੀ ਅਸਾਮੀ ਖਾਲੀ ਹੈ | ਉਨਾਂ ਦੱਸਿਆ ਕਿ ਉਕਤ ਕਾਰਨਾਂ ਦੇ ਚਲਦੇ ਹੀ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੋਂ ਹਟਾ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਨੂੰ ਤਰਜੀਹ ਦਿੰਦੇ ਹਨ ਤੇ ਜਦੋਂ ਬੱਚਿਆਂ ਦੀ ਗਿਣਤੀ ਘੱਟ ਜਾਂਦੀ ਹੈ ਤਾਂ ਫਿਰ ਅਧਿਆਪਕ ਅਤੇ ਅਧਿਕਾਰੀ ਲੋਕਾਂ ਦੇ ਤਰਲੇ ਕੱਢਦੇ ਫਿਰਦੇ ਨੇ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੰਪਿਊਟਰ ਫੈਕਲਟੀ ਟੀਚਰ ਦੀ ਡੈਪੂਟੇਸ਼ਨ ਰੱਦ ਨਹੀਂ ਕੀਤੀ ਗਈ ਤਾਂ ਸਕੂਲ ਦੇ ਅੱਗੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਖਿਲਾਫ਼ ਪੱਕੇ ਤੌਰ 'ਤੇ ਰੋਸ ਧਰਨਾ ਲਗਾਇਆ ਜਾਵੇਗਾ |

ਪਿਛਲੀ ਖ਼ਬਰ ਜ਼ਿਲ੍ਹੇ ਵਿਚ 20 ਪਟਵਾਰੀ ਦੀਆਂ ਅਸਾਮੀਆਂ ਸੇਵਾਮੁਕਤ ਅਧਿਕਾਰੀਆਂ ਦੁਆਰਾ ਭਰੀਆਂ ਜਾਣਗੀਆਂ <br/> ਅਗਲੀ ਖ਼ਬਰ ਕੁਨੈਕਸ਼ਨ ਕੱਟਣ ਗਏ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਸੰਬੰਧੀ 3 ਖ਼ਿਲਾਫ਼ ਕੇਸ ਦਰਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।